ਚੇਤਨਪੁਰਾ, 27 ਜੂਨ (ਮਹਾਂਬੀਰ ਸਿੰਘ ਗਿੱਲ)-ਇਲਾਕੇ ਵਿਚ ਧਾਰਮਿਕ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਬਾਬਾ ਬੁੱਢਾ ਸਾਹਿਬ ਗੁਰਮਤਿ ਵਿਦਿਆਲੇ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਿੰਡ ਚੇਤਨਪੁਰਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਇਕ ਮਹੀਨੇ ਦਾ ਗੁਰਮਤਿ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਗੁਰਬਾਣੀ ਸੰਥਿਆ, ਕੀਰਤਨ, ਕਥਾ, ਕਵੀਸ਼ਰੀ ਅਤੇ ਗਤਕੇ ਦੀ ਸਿਖਲਾਈ ਦਿੱਤੀ ਗਈ। ਇਸ ਕੈਂਪ ਦੌਰਾਨ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਭਰੀ। ਉਨ੍ਹਾਂ ਨੇ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਗੁਰਸਿੱਖੀ ਅਤੇ ਆਪਣੀ ਧਾਰਮਿਕ ਵਿਰਾਸਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਬਾਬਾ ਕੁਲਵਿੰਦਰ ਸਿੰਘ ਦਬੁਰਜੀ ਨੇ ਕਿਹਾ ਕਿ ਬਾਬਾ ਬਲਜੀਤ ਸਿੰਘ ਵਲੋਂ ਚਲਾਇਆ ਜਾ ਰਿਹਾ ਗੁਰਮਤਿ ਵਿਦਿਆਲਿਆ ਅਤੇ ਕੈਂਪ ਸਿੱਖੀ ਦੇ ਪ੍ਰਚਾਰ ਲਈ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਬਹੁਤ ਘੱਟ ਹੁੰਦੀਆਂ ਹਨ ਜੋ ਆਪਣਾ ਤਨ, ਮਨ ਅਤੇ ਧਨ ਸਿੱਖੀ ਦੀ ਸੇਵਾ ਲਈ ਸਮਰਪਿਤ ਕਰਦੀਆਂ ਹਨ। ਸਮਾਗਮ ਦੌਰਾਨ ਗਿਆਨੀ ਕੇਵਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਾਤਾ ਰਾਜ ਕੌਰ ਚੇਤਨਪੁਰਾ, ਭਾਈ ਬਲਵਿੰਦਰ ਸਿੰਘ ਸੰਤੂ ਨੰਗਲ, ਭਾਈ ਮਨਿੰਦਰ ਸਿੰਘ ਦਬੁਰਜੀ, ਭਾਈ ਗੁਲਾਬ ਸਿੰਘ ਜਫਰਵਾਲ, ਭਾਈ ਕੁਲਦੀਪ ਸਿੰਘ, ਭਾਈ ਹਰਮਨਦੀਪ ਸਿੰਘ, ਭਾਈ ਗੁਰਜੰਟ ਸਿੰਘ, ਭਾਈ ਗੁਰਪ੍ਰੀਤ ਸਿੰਘ, ਹੈੱਡ ਗ੍ਰੰਥੀ ਭਾਈ ਪਾਲ ਸਿੰਘ, ਜਸਬੀਰ ਸਿੰਘ, ਗੁਰਜੀਤ ਸਿੰਘ, ਡਾ. ਇਕਬਾਲ ਸਿੰਘ, ਡਾ. ਹਰਮਨ ਸਿੰਘ ਗਿੱਲ, ਕੁਲਵੰਤ ਸਿੰਘ ਦੋਧੀ ਚੇਤਨਪੁਰਾ, ਸਾਬਕਾ ਸਰਪੰਚ ਦਲਜੀਤ ਸਿੰਘ, ਬਲਕਾਰ ਸਿੰਘ ਫੌਜੀ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।