ਫ਼ਰੀਦਕੋਟ, 2 ਮਈ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸੂਬਾ ਜਨਰਲ ਕਾਕਾ ਸਿੰਘ ਕੋਟੜਾ ਦੀ ਪ੍ਰਧਾਨਗੀ ਹੇਠ ਪੰਜਾਬ ਭਰ ਤੋਂ ਪੁੱਜੇ ਜ਼ਿਲ੍ਹਾ ਆਗੂਆਂ ਨਾਲ ਹੋਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਕੇਐਮ ਗੈਰ ਰਾਜਨੀਤਿਕ ਦੇ ਕੌਮੀ ਕਨਵੀਨਰ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਜਿੱਥੇ ਕਿਸਾਨ ਵਿਰੋਧੀ ਨੀਤੀਆਂ ਲਿਆ ਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਨੀਤੀਆਂ ਘੜੀਆਂ ਜਾ ਰਹੀਆਂ ਹਨ ਉੱਥੇ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਿ ਸਹਿਕਾਰਤਾ ਵਿਭਾਗ ਦੇ ਮੁਖੀ ਵੀ ਹਨ ਉਨ੍ਹਾਂ ਵਲੋਂ ਕੋਆਪ੍ਰੇਟਿਵ ਮਿੱਲਾਂ ਵਿਚ ਕਿਸਾਨਾਂ ਦੇ ਪਏ ਪੈਸੇ ਨੂੰ ਤਾਂ ਦੋ ਦੋ ਸਾਲ ਬਾਅਦ ਬਿਨਾਂ ਵਿਆਜ ਤੋਂ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਪਰ ਮੁੱਖ ਮੰਤਰੀ ਦੀ ਅਗਵਾਈ ਵਾਲੇ ਲੈਂਡ ਮਾਰਗੇਜ਼ ਬੈਂਕ ਵਲੋਂ ਕਿਸਾਨਾਂ ਤੋਂ ਪੈਸੇ ਭਰਵਾ ਕੇ ਅਤੇ ਕਿਸਾਨ ਨੂੰ ਕਲੀਅਰ ਸਰਟੀਫਿਕੇਟ ਦੇਣ ਤੋਂ ਬਾਅਦ ਉਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਲਈ ਧੋਖਾਧੜੀ ਕਰਦੇ ਹੋਏ ਕਿਸਾਨ ਤੋਂ ਲੈ ਗਏ ਖਾਲੀ ਚੈੱਕ ਅਦਾਲਤ ਵਿਚ ਲਗਾ ਕੇ ਕਿਸਾਨ ਨੂੰ ਜੇਲ੍ਹ ਭੇਜਣ ਅਤੇ ਜ਼ਮੀਨ ਹੜੱਪਣ ਦੀਆਂ ਮੁੱਖ ਮੰਤਰੀ ਦੇ ਅਦਾਰੇ ਵਲੋਂ ਸ਼ਾਜਿਸ਼ਾਂ ਘੜੀਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਲੈਂਡ ਮਾਰਗੇਜ ਬੈਂਕ ਵਲੋਂ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਇਸੇ ਤਰ੍ਹਾਂ ਪੈਸੇ ਭਰਵਾਉਣ ਤੋਂ ਬਾਅਦ ਵੀ ਤੰਗ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਬੈਂਕ ਅੱਗੇ ਲਗਾਤਾਰ ਧਰਨਾ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਲੈਂਡ ਮਾਰਗੇਜ ਬੈਂਕ ਦੀਆਂ ਧੋਖਾਧੜੀਆਂ ਦੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਬੈਂਕ ਵਲੋਂ ਲੈ ਗਏ ਖਾਲੀ ਚੈੱਕ ਕਿਸਾਨਾਂ ਨੂੰ ਵਾਪਸ ਕਰਵਾਉਣ ਲਈ ਅੰਦੋਲਨ ਨੂੰ ਹੋਰ ਤਿੱਖਾ ਕਰਦੇ ਹੋਏ 11 ਮਈ ਤੋਂ ਪੰਜਾਬ ਦੇ 10 ਜ਼ਿਲਿ੍ਹਆਂ ਬਠਿੰਡਾ, ਪਟਿਆਲਾ, ਮੋਹਾਲੀ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਸੰਗਰੂਰ , ਫ਼ਾਜ਼ਿਲਕਾ, ਫ਼ਰੀਦਕੋਟ, ਅੰਮਿ੍ਤਸਰ ਸਾਹਿਬ ਵਿਖੇ ਲੈਂਡ ਮਾਰਗੇਜ ਬੈਂਕ ਦੀਆਂ ਜ਼ਿਲ੍ਹਾ ਪੱਧਰੀ ਮੇਨ ਬਰਾਂਚਾਂ ਨੂੰ ਬੰਦ ਕੀਤਾ ਜਾਵੇਗਾ | ਕਾਕਾ ਸਿੰਘ ਕੋਟਲਾ ਨੇ ਕਿਹਾ ਕਿ ਬੀਕੇਯੂ ਏਕਤਾ ਸਿੱਧੂਪੁਰ ਕਿਸੇ ਵੀ ਵਰਗ ਨਾਲ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਇਸ ਗੱਲ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਤੋਂ ਬਾਹਰ ਆਮ ਆਦਮੀ ਪਾਰਟੀ ਵਲੋਂ ਚਿੱਪ ਵਾਲੇ ਮੀਟਰ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਚਿੱਪ ਵਾਲੇ ਮੀਟਰਾਂ ਦੇ ਵਿਰੁੱਧ ਅੰਦੋਲਨ ਲੜਨ ਦੇ ਐਲਾਨ ਕੀਤੇ ਜਾਂਦੇ ਹਨ, ਪ੍ਰੰਤੂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਧੱਕੇ ਨਾਲ ਲੋਕਾਂ ਦੇ ਘਰਾਂ ਵਿਚ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ |