ਫ਼ਰੀਦਕੋਟ, 16 ਮਈ (ਸਰਬਜੀਤ ਸਿੰਘ)-ਫ਼ਰੀਦਕੋਟ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੇ ਦੀਆਂ ਪਾਬੰਦੀਸ਼ੂਦਾ ਗੋਲੀਆਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਸੰਬੰਧਿਤ ਥਾਣਿਆਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਪਿੰਡ ਮਚਾਕੀ ਦੇ ਸ਼ਮਸ਼ਾਨ ਘਾਟ ਵਿਖੇ ਪੁੱਜੇ ਤਾਂ ਉੱਥੇ ਮੌਜੂਦ ਜਗਵੀਰ ਸਿੰਘ ਲਾਲੀ ਪੁੱਤਰ ਦਰਸ਼ਨ ਸਿੰਘ ਵਾਸੀ ਮਚਾਕੀ ਕਲਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੀ ਜਾਬਤਾ ਅਨੁਸਾਰ ਤਲਾਸ਼ੀ ਲਈ ਤਾਂ ਉਸ ਪਾਸੋਂ ਕਥਿਤ ਤੌਰ 'ਤੇ 25 ਪਾਬੰਦੀਸ਼ੂਦਾ ਚਿੱਟੇ ਰੰਗ ਦੀਆਂ ਨਸ਼ੇ ਦੀਆਂ ਖੁਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ | ਪੁਲਿਸ ਆਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਦਰ, ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਇਸੇ ਤਰ੍ਹਾਂ ਹੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਥਾਨਕ ਜਹਾਜ਼ ਗਰਾਊਾਡ ਨਜ਼ਦੀਕ ਗੁਰਪ੍ਰੀਤ ਸਿੰਘ ਉਰਫ਼ ਬਿੱਲਾ ਪੁੱਤਰ ਸੂਬਾ ਸਿੰਘ ਵਾਸੀ ਫ਼ਰੀਦਕੋਟ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਸ ਦੀ ਜਾਬਤਾ ਅਨੁਸਾਰ ਤਲਾਸ਼ੀ ਲਈ ਤਾਂ ਉਸ ਪਾਸੋਂ ਕਥਿਤ ਤੌਰ 'ਤੇ 40 ਨਸ਼ੇ ਦੀਆਂ ਚਿੱਟੇ ਰੰਗ ਦੀਆਂ ਪਾਬੰਦੀ ਸ਼ੂਦਾ ਗੋਲੀਆਂ ਬਰਾਮਦ ਹੋਈਆਂ | ਜਿਸ 'ਤੇ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ-2, ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਹੀ ਥਾਣੇਦਾਰ ਬੂਟਾ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵਲੋਂ ਵੀ ਪਿੰਡ ਮਚਾਕੀ ਖੁਰਦ ਤੋਂ ਮਨਫੂਲ ਸੰਘ ਪੁੱਤਰ ਲਖਵਿੰਦਰ ਸਿੰਘ ਤੇ ਵਿੱਕੀ ਸਿੰਘ ਪੁੱਤਰ ਨਿਰੰਜਨ ਸਿੰਘ ਨੂੰ ਕਾਬੂ ਕਰਕੇ ਉੇਨ੍ਹਾਂ ਪਾਸੋਂ ਕਥਿਤ ਤੌਰ 'ਤੇ 34 ਚਿੱਟੇ ਰੰਗ ਦੀਆਂ ਪਾਬੰਦੀਸ਼ੂਦਾ ਨਸ਼ੇ ਦੀਆਂ ਖੁੱਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |