ਸਾਦਿਕ, 12 ਜੂਨ (ਆਰ.ਐਸ. ਧੁੰਨਾ)-ਮਾਰਕੀਟ ਕਮੇਟੀ ਸਾਦਿਕ ਵਿਖੇ ਵਪਾਰੀਆਂ, ਕਿਸਾਨਾਂ ਅਤੇ ਦਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਵਿਧਾਇਕ ਗਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਿਚ ਲਾਏ ਗਏ ਕੈਂਪ 'ਚ ਐਸ.ਡੀ.ਐਮ ਫ਼ਰੀਦਕੋਟ ਪੁਨੀਤ ਸ਼ਰਮਾ, ਨਾਇਬ ਤਹਿਸੀਲਦਾਰ ਹਰਸ਼ਵੀਰ ਗੋਇਲ, ਡੀ.ਐਸ.ਪੀ. ਤਰਲੋਚਨ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ ਸਿੱਧੂ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਿਲ ਹੋਏ | ਮੀਟਿੰਗ ਦੌਰਾਨ ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰਪਾਲ ਸੇਠੀ ਨੇ ਬਲਾਕ ਸੰਮਤੀ ਫ਼ਰੀਦਕੋਟ ਅਤੇ ਪੰਚਾਇਤ ਸੰਮਤੀ ਵਲੋਂ ਸਾਦਿਕ ਵਿਖੇ ਬਣਾਈਆਂ ਗਈਆਂ ਦੁਕਾਨਾਂ ਵਿਚ ਕੰਮ ਕਰਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸਬੰਧੀ ਦੱਸਿਆ ਕਿ ਕਰੋਨਾ ਕਾਲ ਸਮੇਂ ਦੁਕਾਨਦਾਰ ਦੁਕਾਨਾਂ ਦਾ ਕਿਰਾਇਆ ਨਹੀਂ ਭਰ ਸਕੇ ਤੇ ਪੰਚਾਇਤ ਨੇ ਦੁਕਾਨਦਾਰਾਂ ਨੂੰ ਨੋਟਿਸ ਕੱਢ ਦਿੱਤੇ ਹਨ, ਜਦੋਂ ਕਿ ਹੁਣ ਦੁਕਾਨਦਾਰ ਆਪੋਂ ਆਪਣਾ ਕਿਰਾਇਆ ਦੇ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਦੁਕਾਨਦਾਰਾਂ ਨੇ ਕਿਰਾਏ ਦੇ ਪੈਸੇ ਵੀ ਭਰੇ ਹਨ ਤੇ ਰਸੀਦਾਂ ਉਨ੍ਹਾਂ ਕੋਲ ਹਨ ਫਿਰ ਵੀ ਪੰਚਾਇਤ ਬਕਾਇਆ ਕੱਢ ਰਹੀ ਹੈ ਦਾ ਹੱਲ ਕੀਤਾ ਜਾਵੇ | ਇਸ ਤੇ ਵਿਧਾੲਕ ਸੇਖੋਂ ਨੇ ਵਪਾਰ ਮੰਡਲ ਨੂੰ ਭਰੋਸਾ ਦਿੱਤਾ ਕਿ ਉਹ ਆਪੋ ਆਪਣੀ ਅਰਜ਼ੀ ਲਿਖ ਕੇ ਦੇਣ ਤੇ ਇਸ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕਰਕੇ ਵਿਚਾਰਿਆ ਜਾਵੇਗਾ | ਇਸ ਮੌਕੇ ਐਸ.ਡੀ.ਐਮ. ਫ਼ਰੀਦਕੋਟ ਪੁਨੀਤ ਸ਼ਰਮਾ ਨੇ ਵੀ ਦੁਕਾਨਦਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵਲੋਂ ਜੋ ਵੀ ਅਰਜ਼ੀਆਂ ਦਿੱਤੀਆਂ ਜਾਣਗੀਆਂ ਦੀ ਪੜਤਾਲ ਕਰਵਾਈ ਜਾਵੇਗੀ ਤੇ ਇਸ ਵਿਚ ਜੋ ਵੀ ਕੋਈ ਕਸੂਰਵਾਰ ਪਾਇਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ | ਆੜ੍ਹਤੀਆ ਐਸੋਸੀਏਸ਼ਨ ਸਾਦਿਕ ਵਲੋਂ ਗੁਰਸੇਵਕ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਪ ਫ਼ਰੀਦਕੋਟ ਨੇ ਅਨਾਜ ਮੰਡੀ ਸਾਦਿਕ ਅਤੇ ਬੁੱਟਰ ਵਿਖੇ ਆ ਰਹੀਆਂ ਮਸ਼ੁਕਿਲਾਂ ਤੋਂ ਜਾਣੂੰ ਕਰਵਾਇਆ | ਗਮਦੂਰ ਸਿੰਘ ਸੰਗਰਾਹੂਰ ਜ਼ਿਲ੍ਹਾ ਪ੍ਰਧਾਨ ਭਾਕਿਯੂ ਸਿੱਧੂਪੁਰ ਫ਼ਰੀਦਕੋਟ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕੋਲੋਂ ਲੰਘਦੀ 3 ਆਰ ਮਾਈਨਰ ਗੋਲੇਵਾਲਾ ਦੇ ਮੋਘਾ ਨੰਬਰ 39907 ਦਾ ਲੈਵਲ ਸਹੀ ਨਾ ਹੋਣ ਕਾਰਨ ਇੱਥੇ ਪਾਣੀ ਨਹੀਂ ਪੁੱਜਦਾ ਨੂੰ ਠੀਕ ਕਰਵਾਇਆ ਜਾਵੇ | ਪਿੰਡ ਸਾਦਿਕ ਦੇ ਸਰਪੰਚ ਦੀਸ਼ਾ ਸਿੰਘ ਨੇ ਦੱਸਿਆ ਕਿ ਪਿੰਡ ਵਿਖੇ ਰਿਹਾਇਸ਼ੀ ਏਰੀਏ ਵਿਚ ਚੱਲ ਰਿਹਾ ਸ਼ਰਾਬ ਦਾ ਠੇਕਾ ਚੁਕਵਾਇਆ ਜਾਵੇ ਤਾਂ ਜੋ ਉਸ ਏਰੀਏ ਦੇ ਲੋਕ ਅਮਨਸ਼ਾਂਤੀ ਨਾਲ ਰਹਿ ਸਕਣ | ਪਿੰਡ ਵਾਸੀਆਂ ਨੇ ਇਹ ਮੰਗ ਵੀ ਕੀਤੀ ਕਿ ਸਾਦਿਕ ਵਿਖੇ ਜੋ ਵੀ ਦੁਕਾਨਾਂ ਬਣੀਆਂ ਹਨ ਨੂੰ ਪਿੰਡ ਦੇ ਲੋਕਾਂ ਦੀਆਂ ਜ਼ਮੀਨਾਂ 'ਚੋਂ ਕਾਟ ਕੱਟ ਕੇ ਬਣਾਈਆਂ ਗਈਆਂ ਹਨ ਪਰ ਪਿੰਡ ਵਾਸੀਆਂ ਨੂੰ ਇਸ ਦਾ ਕੋਈ ਲਾਭ ਨਹੀਂ ਤੇ ਪੰਚਾਇਤੀ ਦੁਕਾਨਾਂ ਵਿਚ ਜ਼ਮੀਨਾਂ ਦੀ ਕਾਟ ਵਾਲੇ ਲੋਕਾਂ ਦਾ ਕੋਟਾ ਨਿਰਧਾਰਿਤ ਕੀਤਾ ਜਾਵੇ | ਜੰਡ ਸਾਹਿਬ ਰੋਡ ਦੀ ਟਰੈਫਿਕ ਸਮੱਸਿਆ ਦੇ ਹੱਲ ਲਈ ਵੀ ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਨਾਜ਼ਾਇਜ ਕਬਜ਼ੇ ਜਲਦ ਹਟਾਏ ਜਾਣ | ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਵਪਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਿਆ ਜਾਵੇਗਾ ਅਤੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਇਸ ਮੌਕੇ ਰਮਨਦੀਪ ਸਿੰਘ ਮੁਮਾਰਾ, ਸਰਪੰਚ ਜੈਦੀਪ ਸਿੰਘ ਬਰਾੜ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਨਵੀਨ ਅਰੋੜਾ, ਗੁਰਲਾਲ ਸਿੰਘ ਐਚ.ਐਚ.ਓ ਥਾਣਾ ਸਾਦਿਕ, ਸੁਖਰਾਜ ਸਿੰਘ ਸੰਧੂ ਪ੍ਰਧਾਨ ਟਰੱਕ ਯੁਨੀਅਨ ਸਾਦਿਕ, ਕੁਲਦੀਪ ਸਿੰਘ ਚੰਨੀਆਂ ਚੇਅਰਮੈਨ ਬੀ.ਸੀ ਵਿੰਗ ਫ਼ਰੀਦਕੋਟ, ਇੰਸਪੈਕਟਰ ਪ੍ਰਤਾਪ ਸਿੰਘ, ਜਗਨਾਮ ਸਿੰਘ ਸਾਦਿਕ, ਲਖਵਿੰਦਰ ਸਿੰਘ ਢਿੱਲੋਂ, ਕੁਲਵੰਤ ਸਿੰਘ ਜਨੇਰੀਆਂ, ਮਨਦੀਪ ਸਿੰਘ ਗਿੱਲ, ਅਮਰਜੀਤ ਸਿੰਘ ਪਰਮਾਰ, ਹਰਜਿੰਦਰ ਸਿੰਘ ਚੌਹਾਨ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਟਰੇਡ ਕਮਿਸ਼ਨ ਦੇ ਮੈਂਬਰ ਵੀ ਹਾਜ਼ਰ ਸਨ |