ਜੈਤੋ, 12 ਜੂਨ (ਗੁਰਮੀਤਪਾਲ ਰੋੜੀਕਪੂਰਾ)-ਅਕਾਲੀ ਦਲ ਵਾਰਿਸ ਪੰਜਾਬ ਇਸਤਰੀ ਵਿੰਗ ਦੀ ਮੈਂਬਰ ਬੀਬੀ ਸੰਦੀਪ ਕੌਰ ਖਾਲਸਾ ਪਤਨੀ ਸਰਬਜੀਤ ਸਿੰਘ ਖਾਲਸਾ ਸਾਂਸਦ ਮੈਂਬਰ ਫ਼ਰੀਦਕੋਟ ਨੇ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਜੈਤੋ ਦੇ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਪਿਆਰ, ਸਤਿਕਾਰ ਅਤੇ ਮਾਣ ਬਖ਼ਸ਼ਿਆ ਹੈ, ਜਿਸ ਲਈ ਉਹ ਸਦਾ ਰਿਣੀ ਰਹਿਣਗੇ | ਬੀਬੀ ਸੰਦੀਪ ਕੌਰ ਖਾਲਸਾ ਨੇ ਕਿਹਾ ਕਿ ਸਾਂਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਵਲੋਂ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਕਰੀਬ 60 ਪਿੰਡਾਂ ਨੂੰ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਲਈ ਯਤਨ ਜਾਰੀ ਹਨ | ਉਨ੍ਹਾਂ ਦੱਸਿਆ ਕਿ ਜੈਤੋ ਖੇਤਰ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਸਬੰਧੀ ਫ਼ਰੀਦਕੋਟ ਦਫ਼ਤਰ ਤੱਕ ਪਹੁੰਚਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਨੂੰ ਧਿਆਨ ਵਿਚ ਰੱਖਦਿਆਂ ਆਉਣ ਵਾਲੇ ਕੁਝ ਦਿਨਾਂ 'ਚ ਜੈਤੋ ਵਿਖੇ ਇਕ ਵਿਸ਼ੇਸ਼ ਦਫ਼ਤਰ ਖੋਲਿ੍ਹਆ ਜਾ ਰਿਹਾ ਹੈ, ਜਿੱਥੇ ਲੋਕ ਬਿਨਾਂ ਕਿਸੇ ਝਿਜਕ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਗੱਲਬਾਤ ਕਰ ਸਕਣਗੇ | ਬੀਬੀ ਖ਼ਾਲਸਾ ਨੇ ਕਿਹਾ ਕਿ ਇਹ ਦਫ਼ਤਰ ਲੋਕਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਯਤਨ ਕੀਤੇ ਜਾਣਗੇ | ਉਨ੍ਹਾਂ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਵਚਨਬੱਧ ਰਹੇਗਾ | ਇਸ ਮੌਕੇ ਗੁਰਸਾਹਿਬ ਸਿੰਘ ਜੈਤੋ ਜ਼ਿਲ੍ਹਾ ਜਰਨਲ ਸਕੱਤਰ, ਮਨਜੀਤ ਸਿੰਘ ਸੋਢੀ ਰਾਮੇਆਣਾ ਮੀਤ ਪ੍ਰਧਾਨ ਫ਼ਰੀਦਕੋਟ, ਹਰਵਿੰਦਰ ਸਿੰਘ ਰਾਮੂੰਵਾਲਾ ਸਰਕਲ ਪ੍ਰਧਾਨ, ਡਾ. ਹੀਰਾ ਸਿੰਘ, ਗੁਰਪਿਆਰ ਸਿੰਘ ਕੋਠੇ ਚੰਦ ਸਿੰਘ ਵਾਲਾ ਸਰਕਲ ਪ੍ਰਧਾਨ ਬਾਜਾਖਾਨਾ ਬਲਕਾਰ ਸਿੰਘ ਜੈਤੋ ਆਦਿ ਹਾਜ਼ਰ ਸਨ |