ਸਾਦਿਕ, 13 ਜੂਨ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਪਿੰਡ ਕਿੰਗਰਾ ਕੋਲ ਦੀ ਲੰਘਦੇ ਸੂਏ 'ਚ ਬੀਤੀ ਰਾਤ ਪਾੜ ਪੈ ਜਾਣ ਕਾਰਨ ਕਈ ਏਕੜ ਖੇਤਾਂ 'ਚ ਪਾਣੀ ਭਰ ਗਿਆ | ਜਿਸ ਨਾਲ ਝੋਨੇ ਦੀ ਪਨੀਰੀ, ਹਰੇ ਚਾਰੇ ਆਦਿ ਦਾ ਨੁਕਸਾਨ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਕਿੰਗਰਾ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਦੱਸਿਆ ਕਿ ਸੂਏ 'ਚ ਪਏ ਪਾੜ ਦਾ ਕਿਸਾਨਾਂ ਨੂੰ ਸਵੇਰ ਸਮੇਂ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਪੱਧਰ 'ਤੇ ਮਿੱਟੀ ਦੇ ਗੱਟੇ ਭਰ ਕੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਨਹਿਰੀ ਵਿਭਾਗ ਨੂੰ ਵੀ ਸੂਚਿਤ ਕੀਤਾ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਨਹਿਰੀ ਵਿਭਾਗ ਵਲੋਂ ਪਾਣੀ ਘੱਟ ਜਾਂ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਪਿੱਛੇ ਤੋਂ ਕਾਫ਼ੀ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਪਾਣੀ ਬੰਦ ਕਰਨ ਨਾਲ ਪਿੱਛੇ ਨਹਿਰਾਂ 'ਚ ਪਾੜ ਪੈਣ ਦਾ ਖਤਰਾ ਬਣ ਜਾਵੇਗਾ | ਮੌਕੇ 'ਤੇ ਪੁੱਜੇ ਮਾਲ ਪਟਵਾਰੀ ਅਤੇ ਥਾਣਾ ਸਾਦਿਕ ਦੇ ਐਸ ਐਚ ਓ ਗੁਰਲਾਲ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਰਾਜਿੰਦਰ ਸਿੰਘ ਕਿੰਗਰਾ ਨੇ ਕਿਹਾ ਕਿ ਜਦੋਂ ਕਿਸਾਨਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਨਹਿਰ ਬੰਦੀ ਕਰ ਦਿੱਤੀ ਜਾਂਦੀ ਹੈ ਅਤੇ ਹੁਣ ਵਾਧੂ ਪਾਣੀ ਛੱਡ ਕੇ ਨਹਿਰਾਂ ਨੂੰ ਟੁੱਟਣ ਕਿਨਾਰੇ ਕਰ ਦਿੱਤਾ ਹੈ ਜਿਸ ਕਰਕੇ ਕਈ ਥਾਵਾਂ ਤੇ ਨਹਿਰਾਂ ਅਤੇ ਸੂਏ ਟੁੱਟਣ ਦੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਸ ਨਾਲ ਖੇਤਾਂ 'ਚ ਪਾਣੀ ਭਰ ਜਾਣ ਕਾਰਨ ਝੋਨੇ ਦੀ ਪਨੀਰੀ, ਸਬਜ਼ੀਆਂ ਅਤੇ ਹਰੇ ਚਾਰੇ ਦਾ ਨੁਕਸਾਨ ਹੋ ਗਿਆ ਹੈ ਜਿਸਦੀ ਭਰਪਾਈ ਸਰਕਾਰ ਨੂੰ ਕਰਨੀ ਪਵੇਗੀ |