ਫਤਿਹਗੜ੍ਹ ਪੰਜਤੂਰ, 13 ਜੂਨ (ਜਸਵਿੰਦਰ ਸਿੰਘ ਪੋਪਲੀ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਫਤਿਹਗੜ੍ਹ ਪੰਜਤੂਰ ਵਿਖੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਅਤੇ ਐਸ. ਐਚ. ਓ. ਭਲਵਿੰਦਰ ਸਿੰਘ ਥਾਣਾ ਮੁਖੀ ਫਤਿਹਗੜ੍ਹ ਪੰਜਤੂਰ ਵਲੋਂ ਸਾਂਝੇ ਤੌਰ 'ਤੇ ਮੈਡੀਕਲ ਸਟੋਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਵਲੋਂ ਕਸਬੇ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀਆਂ ਦੁਕਾਨਾਂ 'ਤੇ ਜਾ ਕੇ ਰੁਟੀਨ ਦੀ ਚੈਕਿੰਗ ਦੇ ਨਾਲ ਨਸ਼ੇ ਨਾਲ ਸਬੰਧਿਤ ਦਵਾਈਆਂ ਦੀ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਗਈ | ਪੈੱ੍ਰਸ ਨਾਲ ਗੱਲਬਾਤ ਕਰਦਿਆਂ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਨੇ ਕਿਹਾ ਕਿ ਪੁਲਿਸ ਵਲੋਂ ਮੋਗਾ ਜ਼ਿਲੇ੍ਹ ਅੰਦਰ ਕਾਫੀ ਜਗ੍ਹਾ 'ਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ | ਇਸੇ ਹੀ ਕੜੀ ਤਹਿਤ ਅੱਜ ਥਾਣਾ ਫਤਿਹਗੜ੍ਹ ਪੰਜਤੂਰ ਦੇ ਮੁੱਖ ਅਫਸਰ ਐਸ.ਐਚ.ਓ. ਭਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਫਤਿਹਗੜ੍ਹ ਪੰਜਤੂਰ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ | ਜਿਸ ਦੌਰਾਨ ਕਿਸੇ ਵੀ ਮੈਡੀਕਲ ਸਟੋਰ ਤੋਂ ਕੋਈ ਵੀ ਰਿਕਵਰੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਇੱਥੇ ਮੈਂ ਪਹਿਲੀ ਵਾਰ ਇਨ੍ਹਾਂ ਦੁਕਾਨਾਂ ਦੀ ਚੈਕਿੰਗ ਕਰਨ ਆਈ ਹਾਂ ਕਿਸੇ ਵੀ ਮੈਡੀਕਲ ਸਟੋਰ ਤੋਂ ਕੋਈ ਵੀ ਆਪੱਤੀਜਨਕ ਵਸਤੂ ਨਹੀਂ ਮਿਲੀ ਸਭ ਠੀਕ ਪਾਇਆ ਗਿਆ | ਥਾਣਾ ਮੁਖੀ ਭਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਮੈਡੀਕਲ ਨਸ਼ੇ ਦੇ ਨਾਲ ਜੇ ਕੋਈ ਅਫੀਮ, ਡੋਡੇ, ਸਮੈਕ, ਹੈਰੋਇਨ, ਚਿੱਟਾ ਵੇਚਣ ਦਾ ਧੰਦਾ ਕਰਦਾ ਹੈ ਤਾਂ ਪੁਲਿਸ ਸੂਚਿਤ ਕੀਤਾ ਜਾਵੇ |