ਫ਼ਰੀਦਕੋਟ, 1 ਜੁਲਾਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਫ਼ਰੀਦਕੋਟ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਤਨਖਾਹ ਨਾ ਦਿੱਤੇ ਜਾਣ ਦੇ ਰੋਸ ਵਜੋਂ ਕਰਮਚਾਰੀਆਂ ਵਲੋਂ ਕੀਤੀ ਗਈ ਹੜਤਾਲ ਅੱਜ ਦਸਵੇਂ ਦਿਨ ਵੀ ਜਾਰੀ ਹੈ। ਸਫ਼ਾਈ ਕਰਮਚਾਰੀਆਂ ਦਾ ਰੋਸ ਹੈ ਕਿ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਦਿੱਤਾ ਜਾ ਰਿਹਾ। ਜਦੋਂ ਵੀ ਉਹ ਤਨਖਾਹ ਮੰਗਦੇ ਹਨ ਤਾਂ ਉਨ੍ਹਾਂ ਨੂੰ ਲਾਰਾ ਲਗਾ ਕੇ ਤੋਰ ਦਿੱਤਾ ਜਾਂਦਾ ਹੈ। ਕੁਲਦੀਪ ਸਿੰਘ ਸਕੱਤਰ ਤੇ ਵਿੱਕੀ ਸਫਾਈ ਸੇਵਕ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਤਾਂ ਦੁਕਾਨਦਾਰਾਂ ਵਲੋਂ ਉਧਾਰ ਦੇਣਾ ਵੀ ਬੰਦ ਕੀਤਾ ਜਾ ਚੁੱਕਾ ਹੈ। ਹੁਣ ਨੌਬਤ ਭੀਖ ਮੰਗਣ ਤੱਕ ਆ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਵੀ ਨਗਰ ਕੌਂਸਲ ਦੇ ਈ.ਓ ਨੂੰ ਤਨਖ਼ਾਹ ਸਬੰਧੀ ਪੁੱਛਦੇ ਹਾਂ ਤਾਂ ਹਮੇਸ਼ਾ ਉਨ੍ਹਾਂ ਵਲੋਂ ਲਾਰਾ ਲਗਾਇਆ ਜਾ ਰਿਹਾ ਹੈ ਅਤੇ ਉਲਟਾ ਧਮਕੀ ਵਾਲੀ ਭਾਸ਼ਾ ’ਚ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੰਦਗੀ ਸੰਭਾਲਣ ਦੇ ਕੰਮ ’ਚ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਪਰ ਫਿਰ ਵੀ ਘਰ ਦਾ ਗੁਜ਼ਾਰਾ ਚਲਾਉਣ ਲਈ ਅਸੀਂ ਮਿਹਨਤ ਕਰ ਰਹੇ ਹਾਂ ਪਰ ਸਾਡੇ ਨਾਲ ਫਿਰ ਵੀ ਬੁਰਾ ਵਤੀਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸੂਬਾ ਪੱਧਰੀ ਹੜਤਾਲ ਹੋਈ ਸੀ ਜਿਸ ’ਚ ਕੁਝ ਮੰਗਾਂ ਸਬੰਧੀ 2 ਜੁਲਾਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ, ਉਸ ਮੀਟਿੰਗ ’ਚ ਜੇਕਰ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਅਗਲਾ ਕਦਮ ਹੋਰ ਤਿੱਖਾ ਹੋਵੇਗਾ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਫ਼ਰੀਦਕੋਟ ਦੇ ਪਿੰਡ ਚੰਦਬਾਜ਼ਾਂ ਵਿਖੇ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਫ਼ਾਈ ਸੇਵਕਾਂ ਦੀਆਂ ਮੁਸ਼ਕਿਲਾਂ ਸਬੰਧੀ ਅਤੇ ਉਨ੍ਹਾਂ ਨੂੰ ਤਨਖ਼ਾਹ ਨਾ ਮਿਲਣ ਸਬੰਧੀ ਕੀਤੇ ਗਏ ਸਵਾਲ ’ਤੇ ਉਨ੍ਹਾਂ ਜਵਾਬ ਦਿੰਦੇ ਕਿਹਾ ਸੀ ਕਿ ਸਫ਼ਾਈ ਸੇਵਕ ਜ਼ਰੂਰੀ ਸੇਵਾਵਾਂ ਅਧੀਨ ਆਉਂਦੇ ਹਨ ਇਸ ਲਈ ਜਲਦ ਇਨ੍ਹਾਂ ਨੂੰ ਸਰਕਾਰ ਦੇ ਕੰਟਰੈਕਟ ਅਧੀਨ ਲਿਆਂਦਾ ਜਾਵੇਗਾ ਅਤੇ ਨਗਰ ਕੌਂਸਲਾਂ ਦੀ ਨਵੀਂ ਚੋਣ ਹੋਣ ਕਾਰਨ ਹਾਲੇ ਫ਼ੰਡ ਰਿਲੀਜ਼ ਨਹੀਂ ਹੋ ਸਕੇ ਜਲਦ ਹੀ ਫ਼ੰਡ ਰਿਲੀਜ਼ ਹੋ ਜਾਵੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਿਕਲ ਆਵੇਗਾ।