ਫ਼ਰੀਦਕੋਟ, 1 ਜੁਲਾਈ (ਸਰਬਜੀਤ ਸਿੰਘ)-ਫ਼ਰੀਦਕੋਟ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੇ ਦੀਆਂ ਪਾਬੰਦੀਸ਼ੂਦਾ ਗੋਲੀਆਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਸੰਬੰਧਿਤ ਥਾਣਿਆਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਸਥਾਨਕ ਨਵੀਂ ਦਾਣਾ ਮੰਡੀ ਮੌਜੂਦ ਸਨ ਤਾਂ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਫ਼ਰੀਦਕੋਟ, ਬੂਟਾ ਸਿੰਘ ਪੁੱਤਰ ਸਵਰਨਜੀਤ ਸਿੰਘ ਵਾਸੀ ਮੋਗਾ ਅਤੇ ਰਫੂਲ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਫ਼ਰੀਦਕੋਟ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਨ੍ਹਾਂ ਦੀ ਜਾਬਤਾ ਅਨੁਸਾਰ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਕਥਿਤ ਤੌਰ ’ਤੇ 30 ਪਾਬੰਦੀਸ਼ੂਦਾ ਨਸ਼ੇ ਦੀਆਂ ਖੁੱਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਆਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ-2, ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵਲੋਂ ਪਿੰਡ ਪਿੱਪਲੀ ਤੋਂ ਸੱਤਾ ਪੁੱਤਰ ਅੰਗਰੇਜ ਸਿੰਘ ਵਾਸੀ ਪਿੱਪਲੀ ਨੂੰ ਸ਼ੱਕ ਦੇ ਆਧਾਰਾ ’ਤੇ ਕਾਬੂ ਕਰਕੇ ਉਸ ਪਾਸੋਂ ਕਥਿਤ ਤੌਰ ’ਤੇ 10 ਨਸ਼ੀਲੀਆਂ ਚਿੱਟੇ ਰੰਗ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।