ਬਰਗਾੜੀ, 2 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਜਿੱਥੇ ਪੂਰਾ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਸੀ ਉੱਥੇ ਕਿਸਾਨ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਸਨ ਕਿਉਂਕਿ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੋਣ ਕਰਕੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਪ੍ਰੰਤੂ ਅੱਤ ਦੀ ਗਰਮੀ ਕਾਰਨ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਸਨ ਜਿਸ ਕਰਕੇ ਪਾਣੀ ਦੀ ਘਾਟ ਕਾਰਨ ਝੋਨੇ ਦੀ ਲਵਾਈ ਦੇ ਕੰਮ ’ਚ ਖੜੋਤ ਆ ਰਹੀ ਸੀ ਅਤੇ ਲੱਗ ਚੁੱਕੇ ਝੋਨੇ ਦੀ ਫ਼ਸਲ ਵੀ ਪਾਣੀ ਦੀ ਘਾਟ ਕਾਰਨ ਸੁਕਣ ਕਿਨਾਰੇ ਪਹੁੰਚ ਗਈ ਸੀ। ਜਿਸ ਨੂੰ ਲੈ ਕੇ ਕਿਸਾਨ ਤੇ ਮਜ਼ਦੂਰ ਕਾਫ਼ੀ ਚਿਤੰਤ ਸਨ ਪ੍ਰੰਤੂ ਬੀਤੀ ਰਾਤ ਬਰਗਾੜੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਪਏ ਭਰਵੇਂ ਮੀਂਹ ਨੇ ਕਿਸਾਨਾਂ ਨੂੰ ਕਾਫ਼ੀ ਰਾਹਤ ਪਹੁੰਚਾਈ ਹੈ ਤੇ ਸਮੇਂ ਸਿਰ ਪਏ ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ਦੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਕੁਦਰਤ ਦੀ ਇਸ ਰਹਿਮਤ ਲਈ ਕਿਸਾਨ ਤੇ ਆਮ ਲੋਕ ਇੰਦਰ ਦੇਵਤਾ ਦਾ ਸ਼ੁਕਰਾਨਾ ਕਰ ਰਹੇ ਹਨ।