ਫ਼ਰੀਦਕੋਟ, 6 ਜੁਲਾਈ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਗੋਲੇਵਾਲਾ ਤੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਦੀ ਤਾਕ ’ਚ ਬੈਠੇ ਸੱਤ ਸ਼ੱਕੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਰਾਜ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਕੀਤੀ ਜਾ ਰਹੀ ਗਸ਼ਤ ਦੌਰਾਨ ਪਿੰਡ ਗੋਲੇਵਾਲਾ ਤੋਂ ਚੱਲ ਕੇ ਪਿੰਡ ਝਾੜੀਵਾਲਾ ਨੂੰ ਜਾ ਰਹੇ ਸੀ ਤਾਂ ਜਦ ਪੁਲ ਡਰੇਨ ਨੇੜੇ ਬੰਦ ਪਈ ਫੈਕਟਰੀ ਪਾਸ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁਝ ਸ਼ੱਕੀ ਵਿਅਕਤੀ ਜੋ ਕਿ ਨਸ਼ਾ ਕਰਨ ਦੇ ਆਦੀ ਹਨ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ, ਜੋ ਪੈਟਰੋਲ ਪੰਪਾਂ ਦੇ ਮਾਲਕਾਂ, ਕਰਿੰਦਿਆਂ ਅਤੇ ਰਾਹਗੀਰਾਂ ਪਾਸੋਂ ਕਥਿਤ ਤੌਰ ’ਤੇ ਲੁੱਟਾਂ ਖੋਹਾਂ ਕਰਦੇ ਹਨ ਅਤੇ ਉਹ ਸਾਰੇ ਪੁਲ ਡਰੇਨ ਪਾਸ ਬੰਦ ਪਈ ਫੈਕਟਰੀ ਦੀ ਬੈਕ ਸਾਈਡ ਵਿਚ ਲੁੱਕ ਛਿਪ ਕੇ ਬੈਠੇ ਹਨ ਅਤੇ ਜੋ ਆਉਣ ਜਾਣ ਵਾਲੇ ਰਾਹਗੀਰਾਂ ਪਾਸੋਂ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਪਾਸ ਕਥਿਤ ਤੌਰ ’ਤੇ ਮਾਰੂ ਹਥਿਆਰ ਹਨ ਜੇਕਰ ਇਨ੍ਹਾਂ ਪਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਇਹ ਰੰਗੇ ਹੱਥੀ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਸਥਾਨ ’ਤੇ ਰੇਡ ਕੀਤੀ ਗਈ ਅਤੇ ਲਖਵੀਰ ਸਿੰਘ ਉਰਫ਼ ਲੱਖਾ ਪੁੱਤਰ ਨਾਹਰ ਸਿੰਘ, ਸੁਖਵੀਰ ਅਲੀ ਉਰਫ਼ ਸ਼ੀਰਾ ਪੁੱਤਰ ਦਰਸ਼ਨ ਅਲੀ, ਗੁਰਸੇਵਕ ਸਿੰਘ ਉਰਫ ਬਿੱਲਾ ਪੁੱਤਰ ਪਾਲ ਸਿੰਘ, ਲਛਮਣ ਸਿੰਘ ਉਰਫ ਭੂਚਾ ਪੁੱਤਰ ਪਾਲ ਸਿੰਘ, ਅੰਗਰੇਜ ਸਿੰਘ ਪੁੱਤਰ ਹਾਕਮ ਸਿੰਘ, ਦੀਪਕ ਕੁਮਾਰ ਪੁੱਤਰ ਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਉਰਫ ਅੰਬੀ ਪੁੱਤਰ ਕੁਲਵੰਤ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 3 ਕਿਰਪਾਲਾਂ, ਇਕ ਗੰਡਾਸੀ, ਇਕ ਡਾਂਗ, ਇਕ ਲੋਹੇ ਦੀ ਪਾਈਪ ਅਤੇ ਇਕ ਦਾਹ ਬਰਾਮਦ ਕੀਤਾ ਗਿਆ। ਉਨ੍ਹਾ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।