ਬਰਗਾੜੀ, 8 ਜੁਲਾਈ (ਲਖਵਿੰਦਰ ਸ਼ਰਮਾ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਟਿਊਬਵੈਲ ਕੁਨੈਕਸ਼ਨਾਂ ਦੇ ਸਸਤੇ ਰੇਟਾਂ ’ਤੇ ਲੋਡ ਵਧਾਏ ਜਾਣਗੇ ਪ੍ਰੰਤੂ ਇਹ ਸਕੀਮ ਅੱਜ ਤੱਕ ਲਾਗੂ ਨਹੀਂ ਹੋ ਸਕੀ ਅਤੇ ਇਹ ਸਕੀਮ ਸਿਰਫ ਐਲਾਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ। ਪੰਜਾਬ ਦੇ ਅਨੇਕਾਂ ਕਿਸਾਨਾਂ ਨੇ ਹੁਣ ਝੋਨੇ ਦੇ ਸੀਜ਼ਨ ਵਿਚ ਆਪਣੇ ਟਿਊਬਵੈਲ ਕੁਨੈਕਸ਼ਨਾਂ ਦੇ ਲੋਡ ਵਧਾਉਣੇ ਸਨ, ਜਿਸ ਦੀ ਕਿਸਾਨਾਂ ਨੂੰ ਬਹੁਤ ਲੋੜ ਸੀ। ਲੋਡ ਵਧਾਉਣ ਦੇ ਚਾਹਵਾਨ ਕਿਸਾਨਾਂ ਦੀਆਂ ਮੋਟਰਾਂ ਪੁਰਾਣੀਆਂ ਘੱਟ ਲੋਡ ਅਤੇ ਘੱਟ ਸਟੇਜ਼ਾਂ ਵਾਲੀਆਂ ਲੱਗੀਆਂ ਹੋਈਆਂ ਹਨ ਜੋ ਹੁਣ ਪਾਣੀ ਡੂੰਘੇ ਹੋਣ ਕਾਰਨ ਪੂਰਾ ਪਾਣੀ ਨਹੀਂ ਕੱਢ ਰਹੀਆਂ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਪਾਲਣੀ ਮੁਸ਼ਕਲ ਹੋ ਰਹੀ ਹੈ। ਘੱਟ ਲੋਡ ਵਾਲੇ ਕਿਸਾਨਾਂ ਦੇ ਪਾਣੀ ਵਾਲੇ ਬੋਰ ਵੀ ਪਹਿਲਾਂ ਵਾਲੇ ਘੱਟ ਡੂੰਘੇ ਕੀਤੇ ਹੋਏ ਹਨ ਅਤੇ ਘੱਟ ਲੋਡ ਵਾਲੀਆਂ ਮੋਟਰਾਂ ਹੋਣ ਕਾਰਨ ਆਪਣੇ ਬੋਰ ਵੀ ਹੋਰ ਡੂੰਘੇ ਨਹੀਂ ਕਰ ਸਕਦੇ। ਜੇਕਰ ਮੋਟਰਾਂ ਦੇ ਲੋਡ ਵੱਧ ਜਾਂਦੇ ਹਨ ਤਾਂ ਕਿਸਾਨ ਆਪਣੀ ਲੋੜ ਮੁਤਾਬਕ ਆਪਣੇ ਬੋਰ ਵੀ ਹੋਰ ਡੂੰਘੇ ਕਰ ਸਕਦੇ ਹਨ। ਸਰਕਾਰ ਨੇ ਲੋਡ ਵਧਾਉਣ ਦਾ ਐਲਾਨ ਤਾਂ ਕਰ ਦਿੱਤਾ ਪ੍ਰੰਤੂ ਇਸ ਤੋਂ ਅੱਗੇ ਬਿਜਲੀ ਬੋਰਡ ਦੇ ਵਿਭਾਗ ਵਲੋਂ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਅੱਜ ਤੱਕ ਨਹੀਂ ਹੋ ਸਕੀ। ਲੋਡ ਵਧਾਉਣ ਸਬੰਧੀ ਬਿਜਲੀ ਬੋਰਡ ਵਿਭਾਗ ਦੇ ਕਿਸੇ ਵੀ ਦਫ਼ਤਰ ਨੂੰ ਕਿਸੇ ਤਰ੍ਹਾਂ ਦਾ ਕੋਈ ਚਿੱਠੀ ਪੱਤਰ ਆਦਿ ਜਾਰੀ ਨਹੀਂ ਕੀਤਾ ਗਿਆ। ਇਸ ਵਿਚ ਸਰਕਾਰ ਦੀ ਕੋਈ ਅਣਗਹਿਲੀ ਜਾਂ ਆਪਸੀ ਤਾਲਮੇਲ ਦੀ ਘਾਟ ਨਜ਼ਰ ਆ ਰਹੀ ਹੈ। ਜੇਕਰ ਲੋਡ ਵਧਾਉਣ ਦੀ ਪ੍ਰਕ੍ਰਿਆ ਨੂੰ ਪੂਰੀ ਤਰ੍ਹਾਂ ਜਲਦ ਲਾਗੂ ਕਰਕੇ ਕਿਸਾਨਾਂ ਦੇ ਟਿਊਬਵੈਲ ਕੁਨੈਕਸ਼ਨਾਂ ਦੇ ਲੋਡ ਵਧਾਏ ਜਾਂਦੇ ਹਨ ਤਾਂ ਜਿਥੇ ਲੋੜਵੰਦ ਕਿਸਾਨਾਂ ਨੂੰ ਲਾਭ ਹੋਵੇਗਾ ਉਥੇ ਸਰਕਾਰ ਨੂੰ ਵੀ ਬਹੁਤ ਸਾਰਾ ਆਰਥਿਕ ਲਾਭ ਮਿਲੇਗਾ। ਸਮੂਹ ਕਿਸਾਨ ਜਥੇਬੰਦੀਆਂ, ਕਿਸਾਨਾਂ, ਸੁਰਜੀਤ ਸਿੰਘ ਸ਼ਤਾਬ, ਰਵਿੰਦਰ ਸਿੰਘ, ਅਜੈਬ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਰਕਾਰ ਜਲਦ ਇਸ ਸਕੀਮ ਨੂੰ ਲਾਗੂ ਕਰੇ ਅਤੇ ਸਬੰਧਿਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਜਲਦ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਵੀ ਕਿਸਾਨਾਂ ਦੇ ਟਿਉਬਵੈਲ ਕੁਨੈਕਸ਼ਨਾਂ ਦੇ ਲੋਡ ਵਧਾਉਣ ਦੀਆਂ ਸਕੀਮਾਂ ਜਾਰੀ ਕਰਦੀਆਂ ਰਹੀਆਂ ਹਨ ਜੋ ਤੁਰੰਤ ਲਾਗੂ ਹੁੰਦੀਆਂ ਰਹੀਆਂ ਹਨ ਅਤੇ ਲੋੜਵੰਦ ਕਿਸਾਨਾਂ ਨੂੰ ਇੰਨ੍ਹਾਂ ਸਕੀਮਾਂ ਦਾ ਭਰਪੂਰ ਲਾਭ ਮਿਲਦਾ ਰਿਹਾ ਹੈ।