ਫ਼ਰੀਦਕੋਟ, 8 ਜੁਲਾਈ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਠਾਣਾ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਦੇ ਆਸੇ ਪਾਸੇ ਸ਼ੱਕੀ ਪੁਰਸ਼ਾਂ ਸੰਬੰਧੀ ਗਸ਼ਤ ਕਰ ਰਹੇ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਜਵੀਰ ਸਿੰਘ ਉਰਫ਼ ਰਾਜੂ ਪੁੱਤਰ ਜਗਜੀਤ ਸਿੰਘ ਵਾਸੀ ਫ਼ਰੀਦਕੋਟ ਜੋ ਕਿ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਆਸ ਪਾਸ ਦੇਖਿਆ ਗਿਆ ਹੈ ਜਿਸ ਪਾਸ ਬਿਨਾਂ ਲਾਇੰਸਸੀ ਦੇਸੀ ਪਿਸਤੌਲ .32 ਬੋਰ ਹੈ ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ’ਤੇ ਰੇਡ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਇਕ ਪਿਸਟਲ ਦੇਸੀ .32 ਬੋਰ ਰੰਗ ਸਿਲਵਰ ਸਮੇਤ ਚਾਰ ਜਿੰਦਾ ਕਾਰਤੂਸ ਬਰਾਮਦ ਕੀਤੀ ਗਈ। ਉਨ੍ਹਾਂ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ, ਫ਼ਰੀਦਕੋਟ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।