ਫ਼ਰੀਦਕੋਟ, 10 ਜੁਲਾਈ (ਸਰਬਜੀਤ ਸਿੰਘ)-ਪਿੰਡ ਬੇਗੂਵਾਲਾ ਤੋਂ ਨਸ਼ੇ ਦੀ ਹਾਲਤ ਵਿਚ ਸੜਕ ’ਤੇ ਜਾ ਰਹੇ ਇਕ ਵਿਅਕਤੀ ਨੂੰ ਪੁਲਿਸ ਵਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵਲੋਂ ਕਥਿਤ ਦੋਸ਼ੀ ਦਾ ਸਥਾਨਕ ਸਿਵਲ ਹਸਪਤਾਲ ਤੋਂ ਡੌਪ ਟੈਸਟ ਕਰਵਾਇਆ ਗਿਆ ਜੋ ਕਿ ਪਾਜ਼ੀਟਿਵ ਆਇਆ, ਜਿਸ ’ਤੇ ਪੁਲਿਸ ਵਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਸੁਖਪਾਲ ਸਿੰਘ, ਇੰਚਾਰਜ ਪੁਲਿਸ ਚੌਂਕੀ, ਗੋਲੇਵਾਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੋਰ ਪੁਲਿਸ ਕਰਮਚਾਰੀਆਂ ਸਮੇਤ ਪੁਲ ਕੱਸੀ ਘੁਗਿਆਣਾ ਰੋਡ, ਬੇਗੂਵਾਲਾ ਨਾਕਾ ਲਾਇਆ ਹੋਇਆ ਸੀ ਤਾਂ ਘੁਗਿਆਣਾ ਤਰਫੋਂ ਸੜਕ ’ਤੇ ਝੂਲਦੇ ਆ ਰਹੇ ਰਾਜਾ ਸਿੰਘ ਪੁੱਤਰ ਮਲੂਕਾ ਵਾਸੀ ਘੁਗਿਆਣਾ ਨੂੰ ਕਾਬੂ ਕੀਤਾ ਗਿਆ। ਜਿਸ ਦਾ ਡੌਪ ਟੈਸਟ ਪਾਜ਼ੀਟਿਵ ਆਉਣ ’ਤੇ ਉਸ ਖ਼ਿਲਾਫ਼ ਥਾਣਾ ਸਦਰ, ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।