ਤਲਵੰਡੀ ਸਾਬੋ, 22 ਫਰਵਰੀ (ਰਣਜੀਤ ਸਿੰਘ ਰਾਜੂ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਅੱਜ ਹੋਰਨਾਂ ਸਤਿਕਾਰਤ ਸ਼ਖ਼ਸੀਅਤਾਂ ਸਮੇਤ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ | ਤਖ਼ਤ ਸਾਹਿਬ ਮੱਥਾ ਟੇਕਣ ਤੋਂ ਇਲਾਵਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਫ਼ਦ ਨੇ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨਾਲ ਵੀ ਮੁਲਾਕਾਤ ਕੀਤੀ | ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਤਖ਼ਤ ਸਾਹਿਬ ਪੁੱਜਣ 'ਤੇ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਨੇ ਜੀ ਆਇਆਂ ਆਖਿਆ | ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਨਾਲ ਲੈ ਕੇ ਵਫ਼ਦ ਦੇ ਆਗੂਆਂ ਨੂੰ ਤਖ਼ਤ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਏ | ਗਿਆਨੀ ਬਲਦੇਵ ਸਿੰਘ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਤਖ਼ਤ ਸਾਹਿਬ ਮੱਥਾ ਟੇਕ ਕੇ ਕੁਝ ਸਮਾਂ ਕੀਰਤਨ ਸਰਵਣ ਕੀਤਾ | ਤਖ਼ਤ ਸਾਹਿਬ ਵਿਖੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵਲੋਂ ਸਮੁੱਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਮੱਥਾ ਟੇਕਣ ਤੋਂ ਬਾਅਦ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ-ਨਾਲ ਜਥੇਦਾਰ ਬਾਬਾ ਟੇਕ ਸਿੰਘ ਨਾਲ ਸਿੱਖੀ ਦੀ ਚੜ੍ਹਦੀਕਲਾ ਸੰਬੰਧੀ ਕਈ ਵੀਚਾਰਾਂ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਾਰੇ ਤਖ਼ਤ ਸਾਹਿਬਾਨ 'ਚ ਪ੍ਰਬੰਧਕੀ ਤਾਲਮੇਲ ਬਣਿਆ ਰਹੇ ਤਾਂ ਜੋ ਸਿੱਖੀ ਪ੍ਰਚਾਰ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ | ਤਖ਼ਤ ਪਟਨਾ ਸਾਹਿਬ ਵਲੋਂ ਆਏ ਵਫ਼ਦ 'ਚ ਮੀਤ ਜਥੇਦਾਰ ਭਾਈ ਗੁਰਦਿਆਲ ਸਿੰਘ ਵੀ ਸ਼ਾਮਿਲ ਸਨ, ਜਦੋਂਕਿ ਇਸ ਮੌਕੇ ਤਖ਼ਤ ਦਮਦਮਾ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ, ਗਿਆਨੀ ਜੀਵਨ ਸਿੰਘ ਹਾਂਗਕਾਂਗ, ਗਿਆਨੀ ਬਲਵੰਤ ਸਿੰਘ, ਆਲ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਧਰਮ ਪ੍ਰਚਾਰ ਮੁੱਖ ਸੇਵਾਦਾਰ ਬਾਬਾ ਚੰਨਣ ਸਿੰਘ, ਡਾ. ਸਵਰਨਜੋਤ ਸਿੰਘ ਰਾਗੀ, ਭਾਈ ਸਰਬਜੀਤ ਸਿੰਘ ਜੰਮੂ ਮੁੱਖ ਸਕੱਤਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਅਬੀਨਾਸ਼ ਸਿੰਘ ਤੇ ਭਾਈ ਮਨਜੀਤ ਸਿੰਘ ਖ਼ਜ਼ਾਨਚੀ ਪਟਨਾ ਸਾਹਿਬ ਆਦਿ ਮੌਜੂਦ ਸਨ |
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ <br/>
ਅਜੀਤ ਡੈਸਕ
23-02-2026