ਅਵਤਾਰ ਸਿੰਘ ਰੰਧਾਵਾ ਸਤਬੀਰ ਸਿੰਘ ਘੁੰਮਣ
ਏਮਨਾਬਾਦ ਰੋੜੀ ਸਾਹਿਬ, 17 ਅਪ੍ਰੈਲ -ਪਿਛਲੇ 2 ਦਿਨਾਂ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਠਹਿਰਾਓ ਕਰਨ ਉਪਰੰਤ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਪਹੁੰਚਿਆ | ਇਥੇ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਲਕ ਭਾਗੋ ਅਤੇ ਭਾਈ ਲਾਲੋ ਦੇ ਜੁੜੇ ਹੋਏ ਇਤਿਹਾਸ ਨੂੰ ਸਰਵਣ ਕੀਤਾ ਅਤੇ ਕੀਰਤਨ ਦਾ ਆਨੰਦ ਮਾਣਿਆ | ਇਥੇ ਸੰਗਤਾਂ ਨੇ ਪੁਰਾਤਨ ਅਸਥਾਨਾਂ ਦੇ ਦਰਸ਼ਨ ਕੀਤੇ ਅਤੇ ਇਥੋਂ ਅੱਗੇ ਲਾਹੌਰ ਡੇਰਾ ਸਾਹਿਬ ਨੂੰ ਬੱਸਾਂ ਵਿਚ ਬੈਠ ਕੇ ਸੰਗਤਾਂ ਰਵਾਨਾ ਹੋਈਆਂ |
ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਦੂਸਰੇ ਦਿਨ ਦੇ ਗੁਰਮਤਿ ਸਮਾਗਮ ਸਮਾਪਤ
ਭਾਰਤ ਤੋਂ ਯਾਤਰਾ ਕਰਨ ਲਈ ਪਾਕਿਸਤਾਨ ਪਹੁੰਚਿਆ ਸ਼ਰਧਾਲੂਆਂ ਦਾ ਜਥਾ 2 ਦਿਨ ਕਰਤਾਰਪੁਰ ਸਾਹਿਬ ਵਿਖੇ ਠਹਿਰਿਆ | ਦੂਸਰੇ ਦਿਨ ਦੇ ਰਾਤਰੀ ਸਮਾਗਮ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ | ਰਹਿਰਾਸ ਸਾਹਿਬ ਦੇ ਪਾਠ ਉਪਰੰਤ ਵੱਖ-ਵੱਖ ਜਥਿਆਂ ਸਮੇਤ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮਿ੍ਤਸਰ ਵਲੋਂ ਸੰਗਤਾਂ ਦੇ ਸਨਮੁੱਖ ਹਾਜ਼ਰੀ ਲਵਾਈ ਗਈ | ਇਸ ਮੌਕੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਨਾਸਿਰ ਮੁਸ਼ਤੈਕ ਵਧੀਕ ਸਕੱਤਰ ਵਕਫ਼ ਬੋਰਡ, ਸੀ.ਓ. ਅਬੂ ਬਕਰ ਅਫ਼ਤਾਬ, ਇੰਦਰਜੀਤ ਸਿੰਘ ਸਾਬਕਾ ਮੈਂਬਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁੱਖ ਗ੍ਰੰਥੀ ਗੋਬਿੰਦ ਸਿੰਘ ਆਦਿ ਨੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਗੁਰਦੁਆਰਾ ਪ੍ਰਬੰਧਾਂ ਅਤੇ ਮਰਿਆਦਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦਰਸਾਏ ਮਾਰਗ ਤਹਿਤ ਚਲਾਇਆ ਜਾ ਰਿਹਾ ਹੈ | ਪਾਕਿ ਦਾ ਹਰ ਸਿੱਖ ਸ਼ਾਨ ਨਾਲ ਜੀਵਨ ਬਤੀਤ ਕਰ ਰਿਹਾ ਹੈ, ਇਥੇ ਸਿੱਖਾਂ ਦੀ ਸਰਵਉੱਚਤਾ ਤੇ ਮਾਣ-ਮਰਿਆਦਾ ਨੂੰ ਮੁੱਖ ਰੱਖਦਿਆਂ ਸਤਿਕਾਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਲਈ ਪਾਕਿ ਸਰਕਾਰ ਅਤੇ ਅਵਾਮ ਅੱਖਾਂ ਵਿਛਾ ਕੇ ਸਤਿਕਾਰ ਕਰਨ ਲਈ ਤਿਆਰ ਹੈ, ਪਰ ਭਾਰਤ ਸਰਕਾਰ ਨੇ ਆਪਣੇ ਸਿੱਖਾਂ ਲਈ ਰਸਤੇ ਬੰਦ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਜਲਦੀ ਖੋਲਿ੍ਹਆ ਜਾਵੇ | ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ |
ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਰੋੜੀ ਸਾਹਿਬ ਏਮਨਾਬਾਦ ਪਹੁੰਚਿਆ <br/>
ਅਜੀਤ ਡੈਸਕ
18-04-2026