ਬਠਿੰਡਾ, 17 ਅਪ੍ਰੈਲ (ਵੀਰਪਾਲ ਸਿੰਘ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨਕਲੀ ਦੁੱਧ ਬਣਾਉਣ ਦੇ ਤਰੀਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਜਾਣ ਨੂੰ ਲੈ ਕੇ ਪੰਜਾਬ ਦੀ ਦੋਧੀ ਯੂਨੀਅਨ ਵਲੋਂ ਚੰਨੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੋਧੀ ਯੂਨੀਅਨ ਨੇ ਨਕਲੀ ਦੁੱਧ ਬਣਾ ਕੇ ਦੁੱਧ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਬਦਨਾਮ ਕਰਨ ਦੇ ਮਾਮਲੇ ਵਿਚ ਚੰਨੀ ਦੇ ਖਿਲਾਫ ਗਲਤ ਅਫ਼ਵਾਹਾਂ ਫੈਲਾਉਣ ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ, ਇਸ ਨੂੰ ਲੈ ਕੇ ਐਸ.ਐਸ.ਪੀ. ਬਠਿੰਡਾ ਨੂੰ ਚੰਨੀ ਦੇ ਖਿਲਾਫ਼ ਦਰਖਾਸਤ ਦਿੱਤੀ ਗਈ ਹੈ | ਯੂਨੀਅਨ ਦੇ ਜਨਰਲ ਸਕੱਤਰ ਨਰੇਸ਼ ਕੁਮਾਰ ਬੁਰਜ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੋਸ਼ਲ ਮੀਡੀਆ 'ਤੇ ਯੂਰੀਆ ਖਾਦ ਤੇ ਹੋਰ ਕੈਮੀਕਲ ਨਾਲ ਨਕਲੀ ਦੁੱਧ ਬਣਾਉਣ ਦੇ ਫ਼ਾਰਮੂਲੇ ਦੀ ਵੀਡੀਓ ਯੂ-ਟਿਊਬ ਅਤੇ ਵਟਸਐੱਪ 'ਤੇ ਅਪਲੋਡ ਕਰੇ ਦੁੱਧ ਦੀ ਸੁਰੱਖਿਆ ਬਾਰੇ ਝੂਠੀ ਜਾਣਕਾਰੀ ਫੈਲਾਅ ਕੇ ਆਮ ਲੋਕਾਂ ਵਿਚ ਦੁੱਧ ਦੀ ਵਰਤੋਂ ਨੂੰ ਲੈ ਕੇ ਘਬਰਾਹਟ ਪੈਦਾ ਹੋਣ ਲੱਗੀ ਹੈ, ਜਿਸ ਨਾਲ ਪੰਜਾਬ ਦੇ ਡੇਅਰੀ ਸੈਕਟਰ ਨੂੰ ਵੱਡਾ ਧੱਕਾ ਲੱਗਾ ਹੈ | ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਚੰਨੀ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸਮੂਹ ਦੁੱਧ ਦੇ ਧੰਦੇ ਨਾਲ ਜੁੜੇ ਲੋਕਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ |