ਫ਼ਤਹਿਗੜ੍ਹ ਸਾਹਿਬ, 9 ਮਈ (ਮਨਪ੍ਰੀਤ ਸਿੰਘ)-ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਖ਼ਤੀ ਨਾਲ ਨਿਪਟਣ ਤੇ ਪੰਜਾਬ ਵਿਚ ਫ਼ਿਰਕੂ ਸਦਭਾਵਨਾ ਵਾਲਾ ਮਾਹੌਲ ਮਹਿਫ਼ੂਜ਼ ਰੱਖਣ ਲਈ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਵਿਧਾਨ ਸਭਾ ਵਿਚ ਪਾਸ ਕੀਤੇ ਗਏ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ 4 ਰੋਜ਼ਾ 'ਸ਼ੁਕਰਾਨਾ ਯਾਤਰਾ' ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋ ਗਈ | ਜਿਸ ਦੌਰਾਨ ਪੰਜਾਬ ਦੇ ਲੋਕਾਂ ਵਲੋਂ ਦਿਖਾਏ ਗਏ ਪਿਆਰ, ਸਨੇਹ ਤੇ ਅਪਣੱਤ ਬਦਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ | ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿੱਤਰ ਧਰਤੀ ਪੰਜਾਬੀਆਂ ਨੂੰ ਜਬਰ-ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਹੈ | ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਖ਼ੁਸ਼ਕਿਸਮਤ ਹੈ ਕਿ ਉਨ੍ਹਾਂ ਨੂੰ ਇਸ ਇਤਿਹਾਸਕ ਕਾਨੂੰਨ ਨੂੰ ਲਾਗੂ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਨਾਲ ਭਵਿੱਖ ਵਿਚ ਬੇਅਦਬੀ ਦੀਆਂ ਘਟਨਾਵਾਂ ਨੂੰ ਸਥਾਈ ਤੌਰ 'ਤੇ ਰੋਕਿਆ ਜਾ ਸਕੇਗਾ | ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਲੋਕਾਂ ਵਲੋਂ ਦਿਖਾਏ ਗਏ ਪਿਆਰ ਨੇ ਸਰਕਾਰ ਨੂੰ ਹੋਰ ਵੀ ਜ਼ਿਆਦਾ ਹਲੀਮੀ, ਲੋਕਾਂ ਦੀਆਂ ਇੱਛਾਵਾਂ ਪ੍ਰਤੀ ਜ਼ਿੰਮੇਵਾਰੀ ਤੇ ਉਨ੍ਹਾਂ ਦੇ ਹੁਕਮਾਂ ਪ੍ਰਤੀ ਜਵਾਬਦੇਹੀ ਨਾਲ ਭਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਬੇਅਦਬੀ ਨੂੰ ਰੋਕਣ ਲਈ ਕਾਨੂੰਨ ਬਣਾਉਣ ਦਾ ਨਾ ਤਾਂ ਇਰਾਦਾ ਸੀ ਤੇ ਨਾ ਹੀ ਇੱਛਾ ਸ਼ਕਤੀ, ਜਿਸ ਕਾਰਨ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਰ-ਵਾਰ ਹੁੰਦੀ ਰਹੀ ਅਤੇ ਹੁਣ ਪੰਜਾਬ ਸਰਕਾਰ ਵਲੋਂ ਪਾਸ ਕੀਤਾ ਗਿਆ ਇਹ ਇਤਿਹਾਸਕ ਐਕਟ ਇਸ ਨਾ-ਮੁਆਫ਼ੀਯੋਗ ਅਪਰਾਧ ਨੂੰ ਖ਼ਤਮ ਕਰ ਦੇਵੇਗਾ, ਕੋਈ ਵੀ ਦੁਬਾਰਾ ਅਜਿਹੀਆਂ ਕਾਰਵਾਈਆਂ ਕਰਨ ਦੀ ਹਿੰਮਤ ਨਹੀਂ ਕਰੇਗਾ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਸ਼ੁਕਰਾਨਾ ਯਾਤਰਾ' ਦਾ ਇੱਕੋ ਇੱਕ ਉਦੇਸ਼ ਇਸ ਵਿਸ਼ੇਸ਼ ਕਾਨੂੰਨ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਹਿੰਮਤ ਅਤੇ ਤਾਕਤ ਦੇਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ | ਕਾਨੂੰਨ ਦੇ ਹੋ ਰਹੇ ਵਿਰੋਧ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਹੁਣ ਵੀ ਕੁਝ ਲੋਕ ਕਾਨੂੰਨ ਦਾ ਵਿਰੋਧ ਕਰ ਰਹੇ ਹਨ | ਅਕਾਲੀ ਦਲ ਤੇ ਕਾਂਗਰਸ, ਦੋਵਾਂ ਨੇ ਕਾਨੂੰਨ ਨੂੰ ਰੱਦ ਕਰਨ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ | ਉਨ੍ਹਾਂ ਕਿਹਾ ਕਿ ਪਰ ਹਾਈ ਕੋਰਟ ਨੇ ਨਾ ਸਿਰਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਸਗੋਂ ਉਨ੍ਹਾਂ 'ਤੇ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਤੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ |
ਹੁਣ ਜੇਕਰ ਸੁਖਬੀਰ ਦੀ ਕੋਈ ਵਾਰੀ ਆਵੇਗੀ ਤਾਂ ਉਹ ਜੇਲ੍ਹ ਜਾਣ ਦੀ ਵਾਰੀ ਹੋਵੇਗੀ
ਸੁਖਬੀਰ ਬਾਦਲ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜੇ ਵੀ ਮਾਣ ਨਾਲ ਕਹਿੰਦੇ ਹਨ ਕਿ 'ਮੇਰੀ ਵਾਰੀ ਆਉਣ ਦਿਓ' ਪਰ ਭੁੱਲ ਜਾਂਦੇ ਹਨ ਕਿ ਅਕਾਲੀ ਦਲ ਨੂੰ ਪਹਿਲਾਂ ਹੀ ਪੰਜ ਵਾਰ ਸੂਬੇ ਦੇ ਲੋਕ ਸੱਤਾ ਦੇ ਚੁੱਕੇ ਹਨ ਅਤੇ ਪੰਜਾਬੀਆਂ ਨੇ ਉਨ੍ਹਾਂ ਦੇ ਸਾਰੇ ਮਾੜੇ ਕੰਮ ਦੇਖੇ ਹਨ | ਉਨ੍ਹਾਂ ਕਿਹਾ ਕਿ ਹੁਣ ਜੇਕਰ ਉਨ੍ਹਾਂ ਦੀ ਕੋਈ ਵਾਰੀ ਆਵੇਗੀ ਤਾਂ ਉਹ ਜੇਲ੍ਹ ਜਾਣ ਦੀ ਵਾਰੀ ਹੋਵੇਗੀ |
ਇਸ ਮੌਕੇ ਬਲਤੇਜ ਸਿੰਘ ਪੰਨੂ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ, ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਜ਼ਿਲ੍ਹਾ ਪ੍ਰਧਾਨ ਅਜੈ ਸਿੰਘ ਲਿਬੜਾ, ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਤੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ, ਹਰਪ੍ਰੀਤ ਸਿੰਘ ਵਿੱਕੀ ਚਾਹਲ ਸੂਬਾ ਜੁਆਇੰਟ ਸੈਕਟਰੀ ਯੂਥ ਵਿੰਗ, ਕੁਲਵਿੰਦਰ ਸਿੰਘ ਡੇਰਾ, ਗੁਰਵੀਰ ਸਿੰਘ ਜੱਲ੍ਹਾ, ਅਮਰਿੰਦਰ ਸਿੰਘ ਮੰਡੋਫ਼ਲ, ਰਮੇਸ਼ ਕੁਮਾਰ ਸੋਨੂੰ, ਨੰਬਰਦਾਰ ਬੰਟੀ ਸੈਣੀ, ਸਤੀਸ਼ ਲਟੌਰ, ਰਣਜੀਤ ਸਿੰਘ ਹਰਲਾਲਪੁਰ, ਸਰਪੰਚ ਬਲਜਿੰਦਰ ਸਿੰਘ ਮਲਕੋ ਮਾਜਰਾ, ਪਿ੍ਤਪਾਲ ਜੱਸੀ, ਦਵਿੰਦਰ ਸਿੰਘ, ਸਨੀ ਚੋਪੜਾ, ਥਾਣੇਦਾਰ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਭਿੰਡਰ, ਰੁਪਿੰਦਰ ਸਿੰਘ ਹੈਪੀ ਵੀ ਹਾਜ਼ਰ ਸਨ |
ਪੰਜਾਬੀ ਭਾਜਪਾ ਦੇ 'ਜੇਤੂ ਰੱਥ' ਨੂੰ ਰੋਕਣਗੇ
ਪੰਜਾਬ ਵਿਚ ਈ.ਡੀ. ਦੀਆਂ ਕਾਰਵਾਈਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਪਿਆਰ ਨਹੀਂ ਕਰਦੀ ਤੇ ਪੰਜਾਬ ਨਾਲ ਗ਼ੁੱਸੇ ਵਾਲਾ ਵਤੀਰਾ ਅਪਣਾ ਰਹੀ ਹੈ ਕਿਉਂਕਿ ਉਸ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਪੰਜਾਬ ਨਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਬੀ.ਬੀ.ਐਮ.ਬੀ., ਐਸ.ਵਾਈ.ਐਲ., ਹਰੀਕੇ ਨਹਿਰ, ਗਣਤੰਤਰ ਦਿਵਸ ਦੀਆਂ ਝਾਕੀਆਂ, ਆਰ.ਡੀ.ਐਫ. ਫ਼ੰਡ ਅਤੇ ਸਰਹੱਦੀ ਖੇਤਰ ਦੀਆਂ ਗਰਾਂਟਾਂ ਸਮੇਤ ਕਈ ਮੁੱਦਿਆਂ 'ਤੇ ਕੇਂਦਰ ਵਲੋਂ ਵਾਰ-ਵਾਰ ਬੇਇਨਸਾਫ਼ੀ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਵਿਤਕਰੇ ਦੇ ਬਾਵਜੂਦ, ਪੰਜਾਬ ਨੇ ਦੇਸ਼ ਦਾ ਢਿੱਡ ਭਰਨਾ ਜਾਰੀ ਰੱਖਿਆ ਹੈ ਤੇ ਇਸ ਸਾਲ ਵੀ ਕੇਂਦਰੀ ਪੂਲ ਵਿਚ ਉਮੀਦ ਨਾਲੋਂ ਵੱਧ ਕਣਕ ਦਾ ਯੋਗਦਾਨ ਪਾਇਆ ਜਾਵੇਗਾ | ਮੁੱਖ ਮੰਤਰੀ ਨੇ ਇਤਿਹਾਸਕ ਤੁਲਨਾ ਕਰਦਿਆਂ ਟਿੱਪਣੀ ਕੀਤੀ ਕਿ ਜਿਸ ਤਰ੍ਹਾਂ ਪੰਜਾਬ ਵਿਚ ਜਿਵੇਂ ਰਾਜਾ ਪੋਰਸ ਨੇ ਸਿਕੰਦਰ ਦੇ ਜੇਤੂ ਸਫ਼ਰ ਨੂੰ ਰੋਕਿਆ ਸੀ, ਉਸੇ ਤਰ੍ਹਾਂ ਜੇਕਰ ਉਨ੍ਹਾਂ ਦਾ ਪੰਜਾਬ ਵਿਰੁੱਧ ਬੇਇਨਸਾਫ਼ੀ ਅਤੇ ਜ਼ੁਲਮ ਜਾਰੀ ਰਿਹਾ ਪੰਜਾਬੀ ਵੀ ਭਾਜਪਾ ਦੇ 'ਜੇਤੂ ਰੱਥ' ਨੂੰ ਰੋਕ ਦੇਣਗੇ |
ਸ਼ੁਕਰਾਨਾ ਯਾਤਰਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚ ਕੇ ਹੋਈ ਸੰਪੂਰਨ <br/>
ਅਜੀਤ ਡੈਸਕ
10-05-2026