ਕਿਤੇ ਕੋਰੋਨਾ ਵਰਗੇ ਤਾਂ ਨਹੀਂ ਬਣਨ ਜਾ ਰਹੇ ਹਾਲਾਤ? <br/>
ਅਜੀਤ ਡੈਸਕ
16-05-2026
ਹਰਮਿੰਦਰ ਸਿੰਘ
ਅੰਮਿ੍ਤਸਰ, 15 ਮਈ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਾਂ ਨੂੰ ਇਕ ਸਾਲ ਤੱਕ ਸੋਨਾ ਨਾ ਖ਼ਰੀਦਣ, ਤੇਲ ਦੀ ਬਚਤ ਕਰਨ ਅਤੇ ਮੱਧ ਵਰਗ ਦੇ ਲੋਕਾਂ ਨੂੰ ਵਿਦੇਸ਼ 'ਚ ਸੈਰ ਸਪਾਟਾ ਨਾ ਕਰਨ ਜਾਣ ਸੰਬੰਧੀ ਦਿੱਤੇ ਬਿਆਨਾਂ ਤੋਂ ਬਾਅਦ ਲੋਕਾਂ 'ਚ ਖਲਬਲੀ ਜਿਹੀ ਮੱਚ ਗਈ ਹੈ ਕਿ ਕਿਤੇ ਕੋਰੋਨਾ ਦੇ ਸਮੇਂ ਵਰਗੇ ਹਾਲਾਤ ਨਾ ਬਣ ਜਾਣ | ਅਜਿਹੇ 'ਚ ਇਮੀਗ੍ਰੇਸ਼ਨ ਦਾ ਕੰਮ ਬਹੁਤ ਪ੍ਰਭਾਵਿਤ ਹੋਣ ਲੱਗ ਪਿਆ ਹੈ | ਲੋਕ ਵਿਦੇਸ਼ 'ਚ ਜਾਣ ਤੋਂ ਟਾਲਾ ਵਟਣ ਲੱਗ ਪਏ ਅਤੇ ਸਥਿਤੀ ਇਹ ਬਣ ਗਈ ਹੈ ਕਿ ਜਿਨ੍ਹਾਂ ਲੋਕਾਂ ਵਲੋਂ ਛੁੱਟੀਆਂ ਦੇ ਦਿਨ ਵਿਦੇਸ਼ਾਂ 'ਚ ਘੁੰਮ ਫਿਰ ਕੇ ਬਤੀਤ ਕਰਨ ਦੀਆਂ ਯੋਜਨਾਵਾਂ ਬਣਾ ਕੇ ਆਪਣੀਆਂ ਹਵਾਈ ਟਿਕਟਾਂ ਬੁੱਕ ਕਰਵਾਈਆਂ ਸਨ ਉਹ ਆਪਣੀਆਂ ਟਿਕਟਾਂ ਰੱਦ ਕਰਵਾਉਣ ਵਾਲੇ ਪਾਸੇ ਚੱਲ ਪਏ ਹਨ | ਇਜ਼ਰਾਈਲ-ਅਮਰੀਕਾ ਤੇ ਈਰਾਨ ਦਰਮਿਆਨ ਹੋਈ ਜੰਗ ਨੇ ਵਿਸ਼ਵ ਭਰ 'ਚ ਹਾਲਾਤ ਚਿੰਤਾਜਨਕ ਬਣਾ ਦਿੱਤੇ ਹਨ | ਭਾਵੇਂ ਕਿ ਭਾਰਤ ਸਰਕਾਰ ਵਲੋਂ ਪਹਿਲਾਂ ਇਸ ਜੰਗ ਦਾ ਦੇਸ਼ 'ਤੇ ਕੋਈ ਅਸਰ ਨਾ ਪੈਣ ਸੰਬੰਧੀ ਗੱਲ ਕੀਤੀ ਜਾਂਦੀ ਰਹੀ ਹੈ ਪਰ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਚਨਚੇਤ ਜਾਰੀ ਕੀਤੇ ਬਿਆਨ ਤੋਂ ਬਾਅਦ ਦੇਸ਼ ਵਾਸੀਆਂ ਬੈਚਾਨੀ ਪੈਦਾ ਹੋ ਗਈ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਐਸੋਸੀਏਸ਼ਨ ਆਫ਼ ਵੀਜ਼ਾ ਐਂਡ ਆਈਲੈਟਸ ਸੈਂਟਰ ਦੇ ਪ੍ਰਧਾਨ ਬਿਕਰਮ ਝਬਾਲ, ਚੇਅਰਮੈਨ ਸੁਮਿਤ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਬਿਆਨ ਦਾ ਅਸਰ ਮੱਧ ਵਰਗੀ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਜਿਨ੍ਹਾਂ ਲੋਕਾਂ ਵਲੋਂ ਆਪਣੀ ਪੂੰਜੀ ਜੋੜ ਕੇ ਵਿਦੇਸ਼ 'ਚ ਸੈਰ ਸਪਾਟੇ ਵਜੋਂ ਜਾਣ ਦੀਆਂ ਤਿਆਰੀਆਂ ਕੀਤੀਆਂ ਸਨ ਜਾਂ ਕਰ ਰਹੇ ਸਨ ਉਨ੍ਹਾਂ ਦੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ ਹਨ |