ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੀ.ਬੀ.ਐਸ.ਈ. ਦੀ ਆਨ ਸਕ੍ਰੀਨ ਮਾਰਕਿੰਗ (ਓ.ਐਸ.ਐਮ.) ਪ੍ਰਣਾਲੀ 'ਚ ਖਾਮੀਆਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ 'ਤੇ ਤਿੱਖਾ ਹਮਲਾ ਕੀਤਾ | ਰਾਹੁਲ ਗਾਂਧੀ ਨੇ ਸੀ.ਬੀ.ਐਸ.ਈ. ਵਲੋਂ ਕੋਐਂਪਟ ਐਜੂਟੈਕ ਨੂੰ ਠੇਕਾ ਦੇਣ ਨੂੰ ਲੈ ਕੇ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ 18.5 ਲੱਖ ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ ਪਾ ਦਿੱਤਾ ਗਿਆ ਹੈ | ਉਹ ਸੱਚ ਜਾਣਨ ਦੇ ਹੱਕਦਾਰ ਹਨ | ਕਾਂਗਰਸੀ ਸੰਸਦ ਮੈਂਬਰ ਨੇ ਸਵਾਲ ਚੁੱਕਦਿਆਂ ਕਿਹਾ ਕਿ ਸੀ.ਬੀ.ਐਸ.ਈ. ਨੇ ਓ.ਐਸ.ਐਮ. ਪ੍ਰਣਾਲੀ ਲਈ ਕੋਐਂਪਟ ਕੰਪਨੀ ਨੂੰ ਠੇਕਾ ਕਿਉਂ ਦਿੱਤਾ ਜਦਕਿ ਉਹ ਆਪਣੇ ਪੁਰਾਣੇ ਨਾਂਅ ਗਲੋਬਰੇਨਾ ਤਹਿਤ ਪਹਿਲਾਂ ਹੀ ਵਿਵਾਦਾਂ ਹੇਠ ਸੀ | ਉਨ੍ਹਾਂ ਹੋਰ ਸਵਾਲ ਕਰਦਿਆਂ ਕਿਹਾ ਕਿ ਕੰਪਨੀ ਨੂੰ ਠੇਕਾ ਦੇਣ ਤੋਂ ਪਹਿਲਾਂ ਉਸਦਾ ਪਿਛੋਕੜ ਕਿਉਂ ਨਹੀਂ ਦੇਖਿਆ ਗਿਆ, ਉਨ੍ਹਾਂ ਇਹ ਵੀ ਪੁੱਛਿਆ ਕਿ ਕੋਐਂਪਟ ਦੇ ਪ੍ਰਬੰਧਕਾਂ ਅਤੇ ਮੋਦੀ ਸਰਕਾਰ ਦਰਮਿਆਨ ਕੀ ਆਪਸੀ ਸੰਬੰਧ ਹਨ?