ਚੰਡੀਗੜ੍ਹ, 15 ਜੂਨ (ਕਪਿਲ ਵਧਵਾ)ਚੰਡੀਗੜ੍ਹ ਪੁਲਿਸ ਨੇ ਸਕੂਲਾਂ ਤੇ ਪੰਜਾਬ ਸਿਵਲ ਸਕੱਤਰੇਤ ਨੂੰ ਭੇਜੀਆਂ ਗਈਆਂ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈ-ਮੇਲਾਂ ਦੇ ਮਾਮਲੇ ਵਿਚ 30 ਸਾਲਾ ਸੌਰਵ ਬਿਸਵਾਸ ਦੀ ਗਿ੍ਫ਼ਤਾਰੀ ਬਾਰੇ ਖੁਲਾਸਾ ਕੀਤਾ ਹੈ | ਮੁਲਜ਼ਮ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਤੇ ਪਹਿਲਾਂ ਬੰਗਲਾਦੇਸ਼ ਤੋਂ ਭਾਰਤ ਵਿਚ ਆਇਆ ਸੀ | ਪੁਲਿਸ ਅਨੁਸਾਰ 28 ਜਨਵਰੀ 2026 ਨੂੰ ਟੈਂਡਰ ਹਾਰਟ ਸਕੂਲ, ਜੀ. ਐਮ. ਐਸ. ਐਸ. ਐਸ. ਸੈਕਟਰ-16, ਜੀ. ਐਮ. ਐਸ. ਐਸ. ਐਸ. ਸੈਕਟਰ-35 ਅਤੇ ਜੀ. ਐਮ. ਐਸ. ਐਸ. ਐਸ. ਸੈਕਟਰ-19 ਨੂੰ ਈ-ਮੇਲ ਰਾਹੀਂ ਬੰਬ ਧਮਕੀ ਭੇਜੀ ਗਈ ਸੀ | ਇਸ ਸਬੰਧੀ ਥਾਣਾ ਸੈਕਟਰ-17 ਵਿਖੇ 28 ਜਨਵਰੀ ਨੂੰ ਐਫ. ਆਈ. ਆਰ. ਦਰਜ ਕੀਤੀ ਗਈ ਸੀ | ਇਸ ਤੋਂ ਅਗਲੇ ਦਿਨ 29 ਜਨਵਰੀ ਨੂੰ ਪੰਜਾਬ ਸਿਵਲ ਸਕੱਤਰੇਤ ਨੂੰ ਵੀ ਧਮਕੀ ਭਰੀ ਈ-ਮੇਲ ਭੇਜੀ ਗਈ, ਜਿਸ ਸਬੰਧੀ ਥਾਣਾ ਸੈਕਟਰ-3 ਵਿਚ 10 ਫਰਵਰੀ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ | ਦੋਵਾਂ ਮਾਮਲਿਆਂ ਦੀ ਜਾਂਚ ਦੌਰਾਨ ਈ-ਮੇਲਾਂ ਦੀ ਤਕਨੀਕੀ ਪੜਤਾਲ ਕੀਤੀ ਗਈ, ਜਿਸ ਦੇ ਆਧਾਰ 'ਤੇ ਸੌਰਵ ਬਿਸਵਾਸ ਦੀ ਪਛਾਣ ਹੋਈ | ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਨੂੰ ਪਹਿਲਾਂ ਅਹਿਮਦਾਬਾਦ ਦੀ ਸਾਈਬਰ ਕ੍ਰਾਈਮ ਪੁਲਿਸ ਵਲੋਂ ਇਸੇ ਤਰ੍ਹਾਂ ਦੀ ਇਕ ਫਰਜ਼ੀ ਧਮਕੀ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਜਾ ਚੁੱਕਾ ਸੀ | ਚੰਡੀਗੜ੍ਹ ਪੁਲਿਸ ਨੇ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ 2 ਜੂਨ 2026 ਨੂੰ ਗਿ੍ਫ਼ਤਾਰ ਕੀਤਾ ਤੇ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵੀ ਕੀਤੀ |
-ਮਾਮਲਾ ਸਕੂਲਾਂ ਤੇ ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲ ਭੇਜਣ ਦਾ- ਚੰਡੀਗੜ੍ਹ ਪੁਲਿਸ ਵਲੋਂ ਇਕ ਮੁਲਜ਼ਮ ਦੀ ਗਿ੍ਫ਼ਤਾਰੀ ਬਾਰੇ ਖੁਲਾਸਾ
ਅਜੀਤ ਡੈਸਕ
16-06-2026