ਅਮਰਗੜ੍ਹ, 15 ਜੂਨ (ਪਵਿੱਤਰ ਸਿੰਘ) - ਪੰਜਾਬ ਵਿਚ 25 ਜੂਨ ਤੋਂ ਐਸ. ਆਈ. ਆਰ. ਸਰਵੇਖਣ ਸ਼ੁਰੂ ਹੋ ਰਿਹਾ ਹੈ ਜਿਸ ਵਿਚ ਪੰਜਾਬ ਵਿਚ ਵੱਸਦੇ ਲੋਕਾਂ ਦੀ ਪਛਾਣ ਸਬੰਧੀ ਵੇਰਵੇ ਹਾਸਲ ਕੀਤੇ ਜਾਣੇ ਹਨ। ਸਰਕਾਰ ਵਲੋਂ ਜੋ ਸ਼ਰਤਾਂ ਲਗਾਈਆਂ ਗਈਆਂ ਹਨ ਉਨ੍ਹਾਂ ਸ਼ਰਤਾਂ ਤਹਿਤ ਆਪਣੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਜੋ ਪੰਜਾਬੀ ਭਰਾ ਅਮਰੀਕਾ, ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਰਹਿ ਰਹੇ ਹਨ ਤੇ ਜਿਨ੍ਹਾਂ ਨੇ ਉੱਥੋਂ ਦੀ ਸਿਟੀਜ਼ਨਸ਼ਿਪ ਹਾਸਿਲ ਕਰ ਲਈ ਹੈ ਉਨ੍ਹਾਂ ਦੀਆਂ ਵੋਟਾਂ ਕੱਟਣ ਦੀ ਸਾਜ਼ਿਸ਼ ਹੋ ਰਹੀ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ 'ਅਜੀਤ' ਨਾਲ ਖ਼ਾਸ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਲੋਕ ਜਿਨ੍ਹਾਂ ਦੇ ਮਾਤਾ ਪਿਤਾ ਘਰ-ਬਾਰ ਅਤੇ ਜ਼ਮੀਨ ਜਾਇਦਾਦ ਅੱਜ ਵੀ ਪੰਜਾਬ ਵਿੱਚ ਹੀ ਮੌਜੂਦ ਹੈ ਉਨ੍ਹਾਂ ਨੂੰ ਆਪਣੇ ਵੋਟਾਂ ਦੇ ਅਧਿਕਾਰ ਤੋਂ ਵਾਂਝਾ ਕਰਨਾ ਸਰਾਸਰ ਧੱਕਾ ਹੈ। ਨੈੱਟ ਤੋਂ ਮਿਲੇ ਅੰਕੜਿਆਂ ਅਨੁਸਾਰ ਤਕਰੀਬਨ 141 ਦੇਸ਼ ਅਜਿਹੇ ਹਨ ਜੋ ਆਪਣੇ ਦੇਸ਼ ਵਿਚੋਂ ਵਿਦੇਸ਼ਾਂ ਵਿਚ ਵੱਸ ਰਹੇ ਉਨ੍ਹਾਂ ਨਾਗਰਿਕਾਂ ਨੂੰ ਆਪਣੇ ਦੇਸ਼ ਵਿਚ ਵੀ ਵੋਟ ਪਾਉਣ ਦਾ ਅਧਿਕਾਰ ਦੇ ਰਹੇ ਹਨ। ਇਸ ਤੋਂ ਇਲਾਵਾ ਜੇ ਕਿਸੇ ਭਾਰਤੀ ਮੂਲ ਦੇ ਵਿਦੇਸ਼ਾਂ ਵਿਚ ਨਾਗਰਿਕ ਬਣੇ ਵਿਅਕਤੀ ਨੇ ਭਾਰਤ ਵਿਚ ਆਪਣੀ ਜ਼ਮੀਨ ਜਾਇਦਾਦ ਵੇਚਣੀ ਹੈ ਤਾਂ ਉਸ ਆਮਦਨ ਤੋਂ 22 ਫੀਸਦੀ ਟੈਕਸ ਦੇਣਾ ਪੈਂਦਾ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਭਾਈਚਾਰੇ ਦਾ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ 'ਚ ਬਹੁਤ ਵੱਡਾ ਯੋਗਦਾਨ ਹੈ। ਭਾਰਤ ਸਰਕਾਰ ਨੂੰ ਦੋਹਰੀ ਨਾਗਰਿਕਤਾ ਪ੍ਰਣਾਲੀ ਦੇਸ਼ ਵਿਚ ਲਾਗੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਐੱਸ. ਆਈ. ਆਰ. ਅਤੇ ਐਨ. ਆਰ. ਆਈ. ਸਬੰਧੀ ਹੋਰ ਸ਼ਰਤਾਂ ਦਾ ਪੁਰਜੋਰ ਵਿਰੋਧ ਕਰਨਾ ਚਾਹੀਦਾ ਹੈ।
ਪੰਜਾਬ ਵਿਚ ਐਸ. ਆਈ. ਆਰ. ਰਾਹੀਂ ਐਨ. ਆਰ. ਆਈਜ਼ ਦੀਆਂ ਵੋਟਾਂ ਕੱਟਣ ਦੀ ਸਾਜਿਸ਼ ਹੋ ਰਹੀ - ਝੂੰਦਾਂ
ਅਜੀਤ ਡੈਸਕ
16-06-2026