ਸ੍ਰੀ ਮੁਕਤਸਰ ਸਾਹਿਬ ਵਿਖੇ ਵਰਕਰ ਮਿਲਣੀ ਤਹਿਤ ਸਮਾਗਮ ਨੂੰ ਕੀਤਾ ਸੰਬੋਧਨ
ਸ੍ਰੀ ਮੁਕਤਸਰ ਸਾਹਿਬ, 25 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਨਰਾਇਣਗੜ੍ਹ ਪੈਲੇਸ ਵਿਖੇ ਵਰਕਰ ਮਿਲਣੀ ਤਹਿਤ ਵੱਡੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਹਰ ਪੱਖ ਤੋਂ ਖ਼ੁਸ਼ਹਾਲ ਤੇ ਵਿਕਾਸ ਮੁਖੀ ਸੂਬਾ ਬਣਾਉਣ ਲਈ ਲੋਕ ਭਾਜਪਾ ਦਾ ਸਾਥ ਦੇਣ ਅਤੇ 2027 ਵਿਚ ਪੰਜਾਬ ’ਚ ਭਾਜਪਾ ਸਰਕਾਰ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ, ਦਸਾਂ ਗੁਰੂਆਂ, ਮਹਾਂਪੁਰਖਾਂ ਤੇ ਸ਼ਹੀਦਾਂ ਨੂੰ ਕੋਟਿਨ ਕੋਟ ਨਮਨ ਅਤੇ ਪ੍ਰਣਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਗ਼ਲਤੀ ਹੋ ਜਾਵੇ ਤਾਂ ਸੁਧਾਰਨ ਦਾ ਹੌਂਸਲਾ ਵੀ ਹੋਣਾ ਚਾਹੀਦਾ ਹੈ। 40 ਮੁਕਤਿਆਂ ਨੇ ਫ਼ਰਜ਼ ਨਿਭਾ ਕੇ ਮੁਕਤੀ ਪਦ ਹਾਸਿਲ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਦੋ ਸੂਬਿਆਂ ਦਾ ਰਿਸ਼ਤਾ ਹੀ ਨਹੀਂ, ਬਲਕਿ ਸਾਂਝੇ ਵਿਰਸੇ, ਸਾਂਝੀ ਬੋਲੀ, ਸਾਂਝੇ ਸੰਸਕਾਰ ਤੇ ਹਰ ਦੁੱਖ-ਸੁੱਖ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਤੁਹਾਡੇ ਵਿਚ ਗੁਆਂਢੀ ਸੂਬੇ ਦਾ ਮੁੱਖ ਮੰਤਰੀ ਬਣ ਕੇ ਨਹੀਂ, ਬਲਕਿ ਛੋਟੇ ਵੀਰ ਤੇ ਸ਼ੁਭਚਿੰਤਕ ਵਜੋਂ ਇਸ ਧਰਤੀ ’ਤੇ ਆਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਰਿਵਾਰ ਮੁਸ਼ਕਿਲ ਵਿਚ ਹੋਵੇ ਤਾਂ ਚੁੱਪ ਨਹੀਂ ਬੈਠਣਾ ਚਾਹੀਦਾ। ਅੱਜ ਪੰਜਾਬ ਦੀ ਹਾਲਤ ਵੇਖ ਕੇ ਫਿਕਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੁਟਕਲਿਆਂ ਨਾਲ ਤਾਂ ਸਿਨੇਮਾ ਹਾਲ ਚੱਲਦੇ ਹਨ, ਪਰ ਸਰਕਾਰਾਂ ਕੰਮਾਂ ਦੇ ਨਾਲ ਚੱਲਦੀਆਂ ਹਨ। ਉਨ੍ਹਾਂ ਹਰਿਆਣਾ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਡਬਲ ਇੰਜਨ ਸਰਕਾਰ ਹਰ ਚੋਣ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਵਿੱਖ ਸੰਵਾਰਨ ਲਈ ਇੱਥੇ ਵੀ ਡਬਲ ਇੰਜਨ ਸਰਕਾਰ ਬਣਾਉਣ ਦੀ ਲੋੜ ਹੈ। ਇਸ ਮੌਕੇ ਮਨਵੀਰ ਕੌਰ ਗਿੱਲ ਸਾਬਕਾ ਮੇਅਰ ਪੰਚਕੂਲਾ ਵਲੋਂ ਸ੍ਰੀ ਸੈਣੀ ਤੇ ਹੋਰ ਆਗੂਆਂ ਨੂੰ ਜੀ ਆਇਆ ਆਖਿਆ ਗਿਆ। ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਹੀ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾਵੇਗੀ। ਸਟੇਜ ਦੀ ਕਾਰਵਾਈ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਚਲਾਈ ਗਈ। ਇਸ ਮੌਕੇ ਸਮਾਗਮ ਨੂੰ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਤੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ, ਕਿਸਾਨ ਮੋਰਚੇ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ ਸਾਬਕਾ ਡੀ.ਟੀ.ਓ., ਕੁਲਵੰਤ ਸਿੰਘ ਗਿੱਲ, ਰਾਕੇਸ਼ ਧੀਂਗੜਾ, ਰਾਜੀਵ ਦਾਬੜਾ, ਰਵਿੰਦਰ ਕਟਾਰੀਆ, ਅਸ਼ਵਨੀ ਗਿਰਧਰ, ਬਲਵਿੰਦਰ ਸਿੰਘ ਮਿੰਕਲ ਬਜਾਜ, ਸਤੀਸ਼ ਭਟੇਜਾ, ਅੰਗਰੇਜ਼ ਸਿੰਘ ਉੜਾਂਗ, ਰਾਜ ਮੇਲੂ ਭਟੇਜਾ, ਅਰਮਾਨਜੋਤ ਸਿੰਘ ਬਰਾੜ, ਐਡਵੋਕੇਟ ਅਨੁਰਾਗ ਸ਼ਰਮਾ, ਅਖਿਲ ਭਾਰਤੀ, ਨਵੀਨ ਨਵੀ ਮੋਰਵਾਲ, ਭੰਵਰ ਲਾਲ ਸ਼ਰਮਾ, ਵਿਸ਼ੂ ਚੌਧਰੀ ਆਦਿ ਹਾਜ਼ਰ ਸਨ।
ਪੰਜਾਬ ਨੂੰ ਵਿਕਸਤ ਸੂਬਾ ਬਣਾਉਣ ਲਈ ਭਾਜਪਾ ਸਰਕਾਰ ਬਣਾਈ ਜਾਵੇ-ਨਾਇਬ ਸਿੰਘ ਸੈਣੀ
ਅਜੀਤ ਡੈਸਕ
26-06-2026