ਕਿਹਾ, ਸਰਕਾਰ ਹਰ ਲੋੜਵੰਦ ਪਰਿਵਾਰ ਦੇ ਨਾਲ ਖੜ੍ਹੀ ਹੈ
ਚੰਡੀਗੜ੍ਹ, 25 ਜੂਨ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦੇ ਫਿਕਰ ਨੂੰ ਦੂਰ ਕਰਦਿਆਂ ਇੱਕ ਵੱਡੀ ਰਾਹਤ ਦਿੱਤੀ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ‘ਅਸ਼ੀਰਵਾਦ ਸਕੀਮ’ ਤਹਿਤ ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ 3282 ਲਾਭਪਾਤਰੀਆਂ ਨੂੰ 16.74 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਹਰ ਲੋੜਵੰਦ ਪਰਿਵਾਰ ਦੇ ਨਾਲ ਇੱਕ ਵੱਡੇ ਭਰਾ ਅਤੇ ਪੁੱਤਰ ਵਾਂਗ ਖੜ੍ਹੀ ਹੈ। ਇਸੇ ਲਈ ਇਹ ਰਾਸ਼ੀ ਪੂਰੀ ਪਾਰਦਰਸ਼ਤਾ ਨਾਲ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਚਾਲੂ ਸਾਲ ਦੌਰਾਨ ਅਸ਼ੀਰਵਾਦ ਪੋਰਟਲ ‘ਤੇ ਕੁੱਲ 14 ਜ਼ਿਲ੍ਹਿਆਂ ਤੋਂ 3282 ਲਾਭਪਾਤਰੀਆਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਸਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਦੇ 1178 ਅਤੇ ਜਲੰਧਰ ਦੇ 877 ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਕਪੂਰਥਲਾ ਦੇ 427, ਐਸ.ਬੀ.ਐਸ. ਨਗਰ ਦੇ 261, ਪਠਾਨਕੋਟ ਦੇ 210, ਬਰਨਾਲਾ ਦੇ 61, ਪਟਿਆਲਾ ਦੇ 61, ਮਾਨਸਾ ਦੇ 50, ਫਤਹਿਗੜ੍ਹ ਸਾਹਿਬ ਦੇ 47, ਬਠਿੰਡਾ ਦੇ 39, ਐਸ.ਏ.ਐਸ. ਨਗਰ ਦੇ 29, ਫਰੀਦਕੋਟ ਦੇ 28, ਮਾਲੇਰਕੋਟਲਾ ਦੇ 13 ਅਤੇ ਸੰਗਰੂਰ ਦੇ 01 ਲਾਭਪਾਤਰੀ/ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ। ਅਸ਼ੀਰਵਾਦ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਲੜਕੀਆਂ ਦੇ ਵਿਆਹ ਲਈ 51,000 ਰੁਪਏ ਦੀ ਰਾਸ਼ੀ ਵਿੱਤੀ ਸਹਾਇਤਾ ਵਜੋਂ ਦਿੱਤੀ ਜਾਂਦੀ ਹੈ।
ਪੰਜਾਬ ਸਰਕਾਰ ਵਲੋਂ ਅਸ਼ੀਰਵਾਦ ਸਕੀਮ ਤਹਿਤ 16.74 ਕਰੋੜ ਜਾਰੀ- ਡਾ. ਬਲਜੀਤ ਕੌਰ
ਅਜੀਤ ਡੈਸਕ
26-06-2026