ਚੰਡੀਗੜ੍ਹ, 25 ਜੂਨ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਜਨਰਲ ਸਕੱਤਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਸਾਥੀ ਰਹੇ ਸਾਬਕਾ ਫੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ, ਜਿਨ੍ਹਾਂ ਨੇ ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਲੰਮਾ ਸਮਾਂ ਜੋਧਪੁਰ ਜੇਲ੍ਹ ਵਿਚ ਬਿਤਾਇਆ, ਨੇ ਇਕ ਬਿਆਨ ਵਿਚ ਇਤਰਾਜ਼ ਜਤਾਇਆ ਹੈ ਕਿ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਜਦੋਂ ਮੀਡੀਆ ਕਵਰੇਜ ਕਰਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਮੀਡੀਆ ਹਾਊਸਾਂ ਨੂੰ ਚਿੱਠੀਆਂ ਲਿਖਣੀਆਂ ਪਈਆਂ ਹੋਣ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਲੋਂ ਕੀਤੀਆਂ ਗਈਆਂ ਸਰਬ ਪ੍ਰਵਾਨਤ ਕਾਰਵਾਈਆਂ ਦਾ ਪ੍ਰਚਾਰ ਆਪ-ਮੁਹਾਰੇ ਹੁੰਦਾ ਹੈ। ਜਿਸ ਤਰ੍ਹਾਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੋ ਕੁੱਝ ਵੀ ਵਾਪਰਿਆ, ਉਸ ਨੂੰ ਪੱਤਰਕਾਰਾਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਕਿਸੇ ਨੇ ਰਿਕਾਰਡ ਕੀਤਾ ਸੀ ਅਤੇ ਦੁਨੀਆਂ ਤੱਕ ਪਹੁੰਚਾਇਆ ਸੀ। ਘੁੰਮਣ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਯਾਦ ਕਰਾਇਆ ਕਿ ਡੇਰਾ ਮੁਖੀ ਦੀ ਮੁਆਫੀ ਦੇ ਪ੍ਰਚਾਰ ’ਤੇ ਖਰਚਿਆ 92 ਲੱਖ ਰੁਪਇਆ ਵਿਆਜ ਸਹਿਤ ਜਮ੍ਹਾਂ ਕਰਾਉਣਾ ਪਿਆ ਸੀ। ਕਿਤੇ ਹੁਣ ਵੀ 15 ਜੂਨ ਵਾਲੇ ਹੁਕਮਨਾਮੇ ਦੇ ਪ੍ਰਚਾਰ ਲਈ ਖਰਚਿਆ ਜਾ ਰਿਹਾ ਪੈਸਾ ਵਾਪਸ ਨਾ ਮੋੜਨਾ ਪੈ ਜਾਵੇ, ਕਿਉਂਕਿ ਆਮ ਲੋਕਾਂ ਨੇ ਅਜੇ ਤੱਕ ਉਸ ਹੁਕਮਨਾਮੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਵਿਖਾਈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਰ ਕਾਰਵਾਈ ਸਰਬ ਪ੍ਰਵਾਨਿਤ ਹੁੰਦੀ ਹੈ- ਜਸਬੀਰ ਸਿੰਘ ਘੁੰਮਣ
ਅਜੀਤ ਡੈਸਕ
26-06-2026