ਜਲੰਧਰ, 25 ਜੂਨ (ਜਸਪਾਲ ਸਿੰਘ)-ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਲਈ ਪੈਸੇ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਮਨਘੜਤ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਉਣ ਦੀ ਸਾਜ਼ਿਸ਼ ਦਾ ਸਾਹਮਣੇ ਆਉਣਾ ਗੰਭੀਰ ਮਾਮਲਾ ਹੈ ਤੇ ਇਸ ਸਮੁੱਚੇ ਘਟਨਾਕ੍ਰਮ ਕਾਰਨ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ ’ਚ ਆ ਗਈ ਹੈ । ਉਨ੍ਹਾਂ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਉਣ ਵਾਲਿਆਂ ਦਾ ਹਸ਼ਰ ਹਮੇਸ਼ਾ ਮਾੜਾ ਹੋਇਆ ਹੈ ਤੇ ਮੁੱਖ ਮੰਤਰੀ ਲਈ ਵੀ ਹੁਕਮਨਾਮੇ ਨੂੰ ਝੁਠਲਾਉਣ ਦੀ ਕੋਸ਼ਿਸ਼ ਉਨ੍ਹਾਂ ਦੀ ਸਭ ਤੋਂ ਵੱਡੀ ਰਾਜਨੀਤਕ ਭੁੱਲ ਸਾਬਤ ਹੋਵੇਗੀ । ਸਾਂਪਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਨਾਮੇ ਸਮੂਹ ਸਿੱਖ ਕੌਮ ਲਈ ਸਤਿਕਾਰਯੋਗ ਅਤੇ ਮੰਨਣਯੋਗ ਹੁੰਦੇ ਹਨ। ਇਸ ਮੌਕੇ ਉਨ੍ਹਾਂ ਹਰਿਆਣਾ ਪੁਲਿਸ ਕੋਲੋਂ ਵੀ ਮੰਗ ਕੀਤੀ ਕਿ ਕਿਸੇ ਵੀ ਰਾਜਨੀਤਿਕ ਦਬਾਅ ਤੋਂ ਬਿਨਾਂ ਨਿਰਪੱਖ, ਪਾਰਦਰਸ਼ੀ ਅਤੇ ਸਖ਼ਤ ਜਾਂਚ ਕਰਕੇ ਸਾਰੇ ਤੱਥ ਜਨਤਾ ਸਾਹਮਣੇ ਲਿਆਂਦੇ ਜਾਣ ਤੇ ਦੋਸ਼ੀ ਪਾਏ ਜਾਣ ਵਾਲੇ ਹਰ ਵਿਅਕਤੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ । ਸਾਂਪਲਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਤਮਸਤਕ ਹੋ ਕੇ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸ਼ੀਤਲ ਅੰਗੁਰਾਲ, ਸਰਬਜੀਤ ਸਿੰਘ ਮੱਕੜ, ਕਰਮਜੀਤ ਕੌਰ ਚੌਧਰੀ, ਜ਼ਿਲ੍ਹਾ ਜਰਨਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਸਾਬਕਾ ਜਿਲਾ ਪ੍ਰਧਾਨ ਰਮੇਸ਼ ਸ਼ਰਮਾ, ਅਮਿਤ ਤਨੇਜਾ, ਦੀਵਾਨ ਅਮਿਤ ਅਰੋੜਾ, ਨਰੇਸ਼ ਠਠਾਈ, ਹਿਮਾਂਸ਼ੂ ਸ਼ਰਮਾ, ਲਲਿਤ ਬੱਬੂ ਤੇ ਗੌਰਵ ਰਾਏ ਆਦਿ ਵੀ ਮੌਜੂਦ ਸਨ।
ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣਾ ਮੁੱਖ ਮੰਤਰੀ ਦੀ ਵੱਡੀ ਭੁੱਲ-ਸਾਂਪਲਾ
ਅਜੀਤ ਡੈਸਕ
26-06-2026