ਅੰਮ੍ਰਿਤਸਰ, 25 ਜੂਨ (ਸੁਰਿੰਦਰ ਕੋਛੜ)-ਕਤਰ ਦੇ ਨਾਲ ਈਰਾਨ-ਅਮਰੀਕਾ ਸ਼ਾਂਤੀ ਪ੍ਰਕਿਰਿਆ ’ਚ ਵਿਚੋਲਗੀ ਕਰ ਰਹੇ ਪਾਕਿਸਤਾਨ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਅਗਲੇ ਹਫ਼ਤੇ ਤਕਨੀਕੀ ਪੱਧਰ ਦੀ ਗੱਲਬਾਤ ਮੁੜ ਸ਼ੁਰੂ ਹੋਵੇਗੀ। ਇਸਲਾਮਾਬਾਦ ‘ਚ ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਜਾਰੀ ਰਹਿਣਾ ਆਪਣੇ ਆਪ ‘ਚ ਇਕ ਉਤਸ਼ਾਹਜਨਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਈਰਾਨ ਨੇ ਬਰਗਨਸਟੌਕ ਦੇ ਸਵਿਸ ਪਹਾੜੀ ਰਿਜ਼ੋਰਟ ਵਿਖੇ ਸ਼ਾਂਤੀ ਗੱਲਬਾਤ ਦੇ ਸ਼ੁਰੂਆਤੀ ਦੌਰ ਦੌਰਾਨ ਉਤਸ਼ਾਹਜਨਕ ਪ੍ਰਗਤੀ ਕੀਤੀ ਅਤੇ ਦੋਵੇਂ ਧਿਰਾਂ ਵਿਆਪਕ ਸਮਝੌਤੇ ਵੱਲ 60 ਦਿਨਾਂ ਦੇ ਰੋਡਮੈਪ ‘ਤੇ ਸਹਿਮਤ ਹੋਈਆਂ ਹਨ। ਹੋਰਮੁਜ਼ ਜਲਡਮਰੂ ਦੇ ਨਿਯੰਤਰਨ ਸੰਬੰਧੀ ਇਕ ਸਵਾਲ ‘ਤੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਖਾੜੀ ਸਹਿਯੋਗ ਪ੍ਰੀਸ਼ਦ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਦਾ ਹੈ ਅਤੇ ਖੇਤਰੀ ਮੁੱਦਿਆਂ ਦੀ ਖੇਤਰੀ ਮਾਲਕੀ ‘ਚ ਵਿਸ਼ਵਾਸ ਰੱਖਦਾ ਹੈ।
ਅਗਲੇ ਹਫ਼ਤੇ ਮੁੜ ਸ਼ੁਰੂ ਹੋਵੇਗੀ ਈਰਾਨ-ਅਮਰੀਕਾ ਤਕਨੀਕੀ ਗੱਲਬਾਤ-ਅੰਦਰਾਬੀ
ਅਜੀਤ ਡੈਸਕ
26-06-2026