ਨਵੀਂ ਦਿੱਲੀ, 25 ਜੂਨ (ਜਗਤਾਰ ਸਿੰਘ)-ਬਾਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡਿਜ਼ ਨੇ 200 ਕਰੋੜ ਰੁਪਏ ਦੇ ਕਥਿਤ ਹਵਾਲਾ ਰਾਸ਼ੀ ਮਾਮਲੇ ਵਿਚ ਦੋਸ਼ ਤੈਅ ਕੀਤੇ ਜਾਣ ਖ਼ਿਲਾਫ਼ ਸੁਪਰੀਮ ਕੋਰਟ ਵਿਚ ਦਾਇਰ ਆਪਣੀ ਪਟੀਸ਼ਨ ਵੀਰਵਾਰ ਨੂੰ ਵਾਪਸ ਲੈ ਲਈ । ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਟੀਸ਼ਨ ਨੂੰ ਵਾਪਸ ਲੈ ਲਿਆ ਗਿਆ ਮੰਨਦੇ ਹੋਏ ਖ਼ਾਰਜ ਕਰ ਦਿੱਤਾ । ਜਸਟਿਸ ਬੀ.ਵੀ. ਨਾਗਰਤਨਾ ਅਤੇ ਜਾਇਮਾਲਿਆ ਬਾਗਚੀ ਦੀ ਵੈਕੇਸ਼ਨ ਬੈਂਚ ਦੇ ਸਾਹਮਣੇ ਜੈਕਲੀਨ ਦੇ ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਮੰਗੀ ਅਤੇ ਨਾਲ ਹੀ ਕਾਨੂੰਨ ਦੇ ਤਹਿਤ ਉਪਲਬਧ ਹੋਰ ਢੁਕਵੇਂ ਉਪਾਵਾਂ ਦੀ ਪੈਰਵੀ ਕਰਨ ਦੀ ਆਜ਼ਾਦੀ ਦੇਣ ਦੀ ਬੇਨਤੀ ਕੀਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ । ਦੱਸਣਯੋਗ ਹੈ ਕਿ ਪਟੀਸ਼ਨ ਵਿਚ ਜੈਕਲੀਨ ਨੇ ਦਿੱਲੀ ਹਾਈ ਕੋਰਟ ਦੇ ਇਕ ਆਦੇਸ਼ ਨੂੰ ਚੁਨੌਤੀ ਦਿੱਤੀ ਸੀ । ਦਿੱਲੀ ਈ ਕੋਰਟ ਨੇ ਧੋਖਾਧੜੀ ਕਰਨ ਵਾਲੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸੰਬੰਧਿਤ 200 ਕਰੋੜ ਰੁਪਏ ਦੇ ਹਵਾਲਾ ਰਾਸ਼ੀ ਮਾਮਲੇ ਵਿਚ ਇਕ ਫ਼ੈਸਲਾ ਸੁਣਾਇਆ ਸੀ, ਜਿਸ ਵਿਚ ਜੈਕਲਿ ਵੀ ਜੁੜੀ ਹੋਈ ਹੈ । ਦਿੱਲੀ ਹਾਈ ਕੋਰਟ ਨੇ ਈ.ਡੀ. ਦੀ ਇਸਤਗਾਸਾ ਸ਼ਿਕਾਇਤ ਨੂੰ ਰੱਦ ਕਰਨ ਅਤੇ ਜੈਕਲਿਨ ਵਿਰੁੱਧ ਦੋਸ਼ ਤੈਅ ਕਰਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਉਲਟਾਉਣ ਤੋਂ ਇਨਕਾਰ ਕਰ ਦਿੱਤਾ ਸੀ ।
ਜੈਕਲਿਨ ਫਰਨਾਂਡਿਜ਼ ਨੇ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ਲਈ ਵਾਪਸ
ਅਜੀਤ ਡੈਸਕ
26-06-2026