05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਵਿਕਾਸ ਦੇ ਨਾਂਅ ’ਤੇ ਧੜਾਧੜ ਵੱਢੇ ਜਾ ਰਹੇ ਰੁੱਖਾਂ ਕਾਰਨ ਸੂਬੇ ’ਚ ਜੰਗਲ ਅਧੀਨ ਰਕਬਾ ਘਟਿਆ 2023 ਦੀ ਰਿਪੋਰਟ ਮੁਤਾਬਕ ਪੰਜਾਬ ਅੰਦਰ ਜੰਗਲ ਹੇਠ ਹੈ ਸਿਰਫ਼ 1846.09 ਵਰਗ ਕਿਲੋਮੀਟਰ ਰਕਬਾ

Ad Position 21
No active advertisement
ਅਜੀਤ ਡੈਸਕ 02-07-2026
ਜਤਿੰਦਰ ਪੰਮੀ

ਜਲੰਧਰ, 1 ਜੁਲਾਈ-ਪੰਜਾਬ ਅੰਦਰ ਵਿਕਾਸ ਦੇ ਨਾਂਅ ’ਤੇ ਧੜਾਧੜ ਵੱਢੇ ਜਾ ਰਹੇ ਰੁੱਖਾਂ ਕਾਰਨ ਸੂਬੇ ’ਚ ਜੰਗਲ ਅਧੀਨ ਰਕਬਾ ਘਟ ਗਿਆ ਹੈ। ਤੇਜ਼ੀ ਨਾਲ ਹੋਂਦ ’ਚ ਆ ਰਹੀਆਂ ਗਗਨਚੁੰਬੀ ਬਹੁਮੰਜ਼ਲੀ ਇਮਾਰਤਾਂ ਕਾਰਨ ਜਿਥੇ ਖੇਤੀਬਾੜੀ ਵਾਲੀ ਜ਼ਮੀਨ ਘੱਟ ਰਹੀ ਹੈ, ਉਥੇ ਹੀ ਰੁੱਖਾਂ ਦੀ ਕਟਾਈ ਵੀ ਹੋ ਰਹੀ ਹੈ। ਜਿੰਨੀ ਗਿਣਤੀ ’ਚ ਰੁੱਖ ਵੱਢੇ ਜਾਂਦੇ ਹਨ, ਉਸ ਦੇ ਮੁਕਾਬਲੇ ਬਹੁਤ ਹੀ ਘੱਟ ਗਿਣਤੀ ’ਚ ਨਵੇਂ ਬੂਟੇ ਲਗਾਏ ਜਾਂਦੇ ਹਨ, ਜਿਸ ਕਾਰਨ ਹਰਿਆਲੀ ਵੀ ਲਗਾਤਾਰ ਘੱਟ ਰਹੀ ਹੈ। ‘ਫੋਰੈਸਟ ਸਰਵੇ ਆਫ਼ ਇੰਡੀਆ’ ਦੀ 2023 ਦੀ ਰਿਪੋਰਟ ਮੁਤਾਬਕ ਪੰਜਾਬ ਅੰਦਰ ਜੰਗਲਾ ਹੇਠ ਸਿਰਫ 1846.09 ਵਰਗ ਕਿਲੋਮੀਟਰ ਰਕਬਾ ਹੈ, ਜੋ ਕਿ ਸੂਬੇ ਦੇ ਕੁੱਲ ਰਕਬੇ ਦਾ ਸਿਰਫ਼ 3.67 ਫੀਸਦੀ ਬਣਦਾ ਹੈ। ਇਹ ਰਕਬਾ 2021 ਦੀ ਰਿਪੋਰਟ ਮੁਤਾਬਕ ਜੰਗਲਾਂ ਹੇਠ ਰਕਬੇ ਤੋਂ 0.45 ਫੀਸਦੀ ਘੱਟ ਹੈ। ਜੇਕਰ ਰੁੱਖ ਵੱਢੇ ਜਾਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਹਰਿਆਲੀ ਟਾਵੀਂ-ਟਾਵੀਂ ਨਜ਼ਰ ਆਵੇਗੀ। ਰਿਪੋਰਟ ਮੁਤਾਬਕ ਪੰਜਾਬ ਸੰਘਣੇ ਜੰਗਲਾਂ ਹੇਠਲਾ ਰਕਬਾ 9.44 ਵਰਗ ਕਿਲੋਮੀਟਰ, ਦਰਮਿਆਨੇ (ਘੱਟ ਸੰਘਣੇ) ਜੰਗਲਾਂ ਹੇਠਲਾ ਰਕਬਾ 784.89 ਵਰਗ ਕਿਲੋਮੀਟਰ ਜਦੋਂਕਿ ਖੁੱਲ੍ਹੇ ਜੰਗਲਾਂ ਹੇਠਲਾ ਰਕਬਾ 1051.76 ਵਰਗ ਕਿਲੋਮੀਟਰ ਹੈ, ਦਰਜ ਕੀਤਾ ਗਿਆ ਹੈ, ਜੋ ਕਿ ਕੁੱਲ 1846.09 ਵਰਗ ਕਿਲੋਮੀਟਰ ਬਣਦਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ’ਚ ਜ਼ਿਲ੍ਹਾਵਾਰ ਜੰਗਲਾਂ ਹੇਠ ਰਕਬੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵਧੇਰੇ ਰਕਬਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੈ, ਜਿਥੇ 423.28 ਵਰਗ ਕਿਲੋਮੀਟਰ ’ਚ ਜੰਗਲ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਜ਼ਿਲ੍ਹਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦਾ ਹੈ ਅਤੇ ਕੰਢੀ ਖੇਤਰ ਅਧੀਨ ਆਉਂਦਾ ਹੈ। ਜੇਕਰ ਸੂਬੇ ’ਚ ਸਭ ਤੋਂ ਘੱਟ ਜੰਗਲਾਂ ਵਾਲੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਰਿਪੋਰਟ ਮੁਤਾਬਕ ਮਾਨਸਾ ਜ਼ਿਲ੍ਹੇ ’ਚ ਸਿਰਫ 10.75 ਵਰਗ ਕਿਲੋਮੀਟਰ ਖੇਤਰ ’ਚ ਹੀ ਜੰਗਲ ਹਨ। ਵਾਤਾਵਰਨ ਪ੍ਰੇਮੀ ਤੇ ਕੌਂਸਲਰ ਪ੍ਰੋ. ਕੰਵਰ ਸਰਤਾਜ ਸਿੰਘ ਜੋ ਕਿ ਆਪਣੀ ਸੰਸਥਾ ‘ਐਡੂਯੂਥ’ ਰਾਹੀਂ ਪਿਛਲੇ 5-6 ਸਾਲਾਂ ਤੋਂ ਹਰ ਸਾਲ ਬੂਟਿਆਂ ਦਾ ਲੰਗਰ ਲਾਉਂਦੇ ਆ ਰਹੇ ਹਨ, ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣਾ ਚਾਹੀਦਾ ਹੈ ਤਾਂ ਹੀ ਅਸੀਂ ‘ਗਲੋਬਰ ਵਾਰਮਿੰਗ’ ਤੋਂ ਬਚ ਸਕਦੇ ਹਾਂ। ਪਿਛਲੇ ਦਿਨਾਂਅ ਤੋਂ ਲਗਾਤਾਰ ਪੈ ਰਹੀ ਅੱਤ ਦੀ ਗਰਮੀ ਤੋਂ ਬਚਣ ਲਈ ਪੌਦੇ ਲਾਉਣਾ ਬਹੁਤ ਜ਼ਰੂਰੀ ਹੈ।ਇਸ ਸਾਲ ਹਰੇਕ ਜ਼ਿਲ੍ਹੇ ’ਚ ਲਾਏ ਜਾਣਗੇ 6.50 ਲੱਖ ਬੂਟੇ ਦੇਸ਼ ਅੰਦਰ ਮੌਨਸੂਨ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਜੋ ਕਿ ਇਕ-ਦੋ ਦਿਨਾਂ ਤੱਕ ਪੰਜਾਬ ਅੰਦਰ ਵੀ ਪਹੁੰਚ ਜਾਵੇਗਾ। ਇਸ ਦੇ ਮੱਦੇਨਜ਼ਰ ਜੰਗਲਾਤ ਵਿਭਾਗ ਪੰਜਾਬ ਵਲੋਂ ਵਣ-ਮਹਾਉਤਸਵ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਾਰ ਸਰਕਾਰ ਵਲੋਂ ਹਰੇਕ ਜ਼ਿਲ੍ਹੇ ਅੰਦਰ 6.50 ਲੱਖ ਬੂਟੇ ਲਗਾਏ ਜਾਣਗੇ। ਇਹ ਪੌਦੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਜ਼ਿਲ੍ਹਾ ਜੰਗਲਾਤ ਅਧਿਕਾਰੀ ਜਰਨੈਲ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਮੀਂਹ ਪੈਣ ਦੇ ਨਾਲ ਹੀ ਬੂਟੇ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੂਟੇ ਪੀ. ਡਬਲਿਊ, ਡੀ., ਨਹਿਰੀ ਵਿਭਾਗ, ਡਰੇਨੇਜ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਫ਼ੌਜ, ਪੁਲਿਸ ਦੇ ਸਹਿਯੋਗ ਨਾਲ ਲਾਏ ਜਾਣਗੇ। ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਨਿੱਜੀ ਅਦਾਰਿਆਂ ਅਤੇ ਆਮ ਲੋਕਾਂ ਦਾ ਵੀ ਬੂਟੇ ਲਗਾਉਣ ’ਚ ਸਹਿਯੋਗ ਲਿਆ ਜਾਵੇਗਾ। ਡੀ. ਐੱਫ. ਓ. ਨੇ ਕਿਹਾ ਕਿ ਸਰਕਾਰੀ ਨਰਸਰੀਆਂ ’ਚੋਂ ਇਹ ਬੂਟੇ ਮੁਫ਼ਤ ਵੰਡੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ ਦੇ ਮੁਖੀ ਬਾਬਾ ਅਮਰੀਕ ਸਿੰਘ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਅਗਲੀ ਖ਼ਬਰ ਸੁੰਦਰ ਸ਼ਾਮ ਅਰੋੜਾ ਨੂੰ ਹਾਈ ਕੋਰਟ ਤੋਂ ਝਟਕਾ ਰਿਸ਼ਵਤ ਮਾਮਲੇ ਦੀ ਐਫ.ਆਈ.ਆਰ. ਰੱਦ ਕਰਨ ਤੋਂ ਇਨਕਾਰ
Ad Position 24
No active advertisement