ਪਾਤੜਾਂ, 1 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ)-ਆਮ ਆਦਮੀ ਪਾਰਟੀ ਨੂੰ ਹਲਕਾ ਸ਼ੁਤਰਾਣਾ ਅੰਦਰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਨਰਲ ਸਕੱਤਰ ਕਰਨ ਸਿੰਘ ਡੀ.ਟੀ.ਓ. ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਤੜਾਂ ਵਿਖੇ ਕੀਤੀ ਗਈ ਇਕ ਵਿਸ਼ਾਲ ਰੈਲੀ ਦੌਰਾਨ ਹਜ਼ਾਰਾਂ ਦੇ ਇਕੱਠ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਦਿਆਂ ਹਲਕਾ ਸ਼ੁਤਰਾਣਾ ਲਈ ਵਿਸ਼ੇਸ਼ ਵਿਕਾਸ ਕਾਰਜਾਂ ਨੂੰ ਕਰਾਉਣ ਦਾ ਐਲਾਨ ਕੀਤਾ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਤੜਾਂ ਇਲਾਕੇ ਨਾਲ ਉਨ੍ਹਾਂ ਦਾ ਨਜ਼ਦੀਕੀ ਰਿਸ਼ਤਾ ਹੈ, ਕਿਉਂਕਿ ਇਸ ਇਲਾਕੇ ਅੰਦਰ ਉਨ੍ਹਾਂ ਦੀਆਂ ਕਈ ਨਜ਼ਦੀਕੀ ਰਿਸ਼ਤੇਦਾਰੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਅਤੇ ਕਰਨ ਸਿੰਘ ਡੀ.ਟੀ.ਓ. ਦੀ ਅਗਵਾਈ ਹੇਠ ਹੋਏ ਹਜ਼ਾਰਾਂ ਦੇ ਵਿਸ਼ਾਲ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਲੂੰਬਾ ਪਰਿਵਾਰ ਦਾ ਹਲਕਾ ਸ਼ੁਤਰਾਣਾ ਦੇ ਲੋਕਾਂ ਅੰਦਰ ਖ਼ਾਸ ਪਿਆਰ ਹੈ। ਰੈਲੀ ਦੌਰਾਨ ਇਕੱਠ ਨੂੰ ਦੇਖਦਿਆਂ ਬਾਗੋ-ਬਾਗ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਾਤੜਾਂ ਇਲਾਕੇ ਅੰਦਰ ਸਿਹਤ ਸਹੂਲਤਾਂ ਨੂੰ ਦੇਖਦਿਆਂ ਜਲਦ ਹੀ 50 ਬਿਸਤਰਿਆਂ ਦਾ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ ਬਣਾਇਆ ਜਾਵੇਗਾ, ਜਿਥੇ ਪਾਤੜਾਂ ਇਲਾਕੇ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਹੋਰ ਐਲਾਨ ਕਰਦਿਆਂ ਕਿਹਾ ਕਿ ਪਾਤੜਾਂ ਤੋਂ ਪਟਿਆਲਾ ਤੱਕ ਦੀ ਸੜਕ ਨੂੰ ਵੀ ਚਾਰਮਾਰਗੀ ਕੀਤਾ ਜਾਵੇਗਾ ਤਾਂ ਜੋ ਨਿੱਤ ਦਿਨ ਹੋ ਰਹੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।