ਬਿਜਲੀ ਨਿਗਮ ਦੇ ਤਕਨੀਕੀ ਚੇਅਰਮੈਨਾਂ ਕੋਲ 25 ਸਾਲਾਂ ਤੋਂ ਲਟਕ ਰਹੇ ਫੈਸਲਿਆਂ ਦਾ ਡਾ. ਬਸੰਤ ਗਰਗ ਨੇ ਕੀਤਾ ਹੱਲ ਪਹਿਲਾਂ ਅਪ੍ਰੈਂਟਿਸ ਯੂਨੀਅਨ ਅਤੇ ਹੁਣ ਥਰਮਲ ਪਲਾਂਟਾਂ ਦੇ ਆਊਟਸੋਰਸ ਮੁਲਾਜ਼ਮਾਂ ਦੀ ਸੁਣੀ ਗਈ ਮੰਗ, ਮੁੜ ਕੰਮ ’ਤੇ ਪਰਤੇ
ਅਜੀਤ ਡੈਸਕ
02-07-2026
ਪਟਿਆਲਾ, 1 ਜੁਲਾਈ-ਬਿਜਲੀ ਨਿਗਮ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪਿਛਲੇ 25 ਸਾਲਾਂ ਤੋਂ ਬਿਜਲੀ ਨਿਗਮ ਵਿਚ ਕੰਮ ਕਰਦੇ ਕੱਚੇ ਕਾਮੇ ਅਤੇ ਠੇਕੇਦਾਰੀ ਅਧੀਨ ਕੰਮ ਕਰਦੇ ਵਰਕਰਾਂ ਬਾਰੇ ਇਤਿਹਾਸਿਕ ਫੈਸਲਾ ਲਿਆ ਗਿਆ ਹੋਵੇ, ਜਦੋਂਕਿ ਬਿਜਲੀ ਨਿਗਮ ਕੋਲ ਪਿਛਲੇ 25 ਸਾਲਾਂ ਵਿਚ ਜਿਆਦਾ ਸਮਾਂ ਟੈਕਨੋਕ੍ਰੇਟ ਚੇਅਰਮੈਨ ਰਹੇ ਹੋਣ, ਜਿਨ੍ਹਾਂ ਨੂੰ ਬਿਜਲੀ ਨਿਗਮ ਅਤੇ ਇਸ ਵਿਚ ਕੰਮ ਕਰਦੇ ਵਰਕਰਾਂ, ਮੁਲਾਜਮਾਂ, ਅਧਿਕਾਰੀਆਂ ਬਾਰੇ ਜਮੀਨੀ ਪੱਧਰ ’ਤੇ ਜਾਣਕਾਰੀ ਹੋਵੇ। ਪ੍ਰੰਤੂ ਹੁਣ ਬਿਜਲੀ ਨਿਗਮ ਨੂੰ ਇਕ ਕੂਟਨੀਤਿਕ ਚੇਅਰਮੈਨ ਡਾ. ਬਸੰਤ ਗਰਗ ਨੇ ਆ ਕੇ 25 ਸਾਲਾਂ ਤੋਂ ਉਲਝੇ ਅਤੇ ਅਟਕੇ ਮਾਮਲਿਆਂ ਨੂੰ ਸੁਲਝਾਉਣ ਦੀ ਗਤੀ ਤੇਜ ਕੀਤੀ ਹੈ, ਜਿਸ ਦੇ ਫਲਸਰੂਪ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਲੰਬੇ ਸਮੇਂ ਤੋਂ ਅਪ੍ਰੈਂਟਿਸ ਯੂਨੀਅਨ, ਲਾਈਨਮੈਨ, ਥਰਮਲ ਪਲਾਂਟ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਵਰਗੀਆਂ ਹੋਰ ਅਨੇਕਾਂ ਯੂਨੀਅਨਾਂ ਵਲੋਂ ਲਗਾਏ ਜਾਂਦੇ ਧਰਨਿਆਂ ਦੇ ਅਸਲ ਕਾਰਨ ਲੱਭ ਕੇ ਉਨ੍ਹਾਂ ਨੂੰ ਪੱਕੇ ਤੌਰ ’ਤੇ ਸੁਲਝਾ ਕੇ ਜੜੋਂ ਖਤਮ ਕਰਨ ਦੀ ਠਾਣੀ ਹੋਈ ਹੈ। ਇਹੀ ਕਾਰਨ ਹੈ ਕਿ ਲੰਘੇ ਦਿਨੀਂ ਬਿਜਲੀ ਨਿਗਮ ਦੇ ਸੀ.ਐਮ.ਡੀ. ਬਸੰਤ ਗਰਗ ਵਲੋਂ ਪਹਿਲਾਂ ਕੀਤੇ ਦੋ ਸੀ.ਆਰ.ਏ. ਰੱਦ ਕਰਕੇ ਨਵੇਂ ਸਿਰੇ ਤੋਂ ਅਸਾਮੀਆਂ ਕੱਢ ਕੇ ਅਪ੍ਰੈਂਟਿਸ ਯੂਨੀਅਨ ਦੇ ਨੌਜਵਾਨਾਂ ਨੂੰ ਕੇਵਲ ਪੰਜਾਬੀ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਵਿਭਾਗ ਵਿਚ ਪੱਕੇ ਤੌਰ ’ਤੇ ਨੌਕਰੀ ਦੇਣ ਦੀ ਗੱਲ ਆਖੀ। ਇਸ ਤੋਂ ਇਲਾਵਾ ਲੰਘੇ ਦਿਨੀਂ ਥਰਮਲ ਪਲਾਂਟ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਥਰਮਲ ਪਲਾਂਟ ਲਹਿਰਾ ਅਤੇ ਰੋਪੜ ਦੇ ਵੱਡੀ ਗਿਣਤੀ ਵਰਕਰਾਂ ਵਲੋਂ ਲੰਬੇ ਸਮੇਂ ਤੋਂ ਵਿਭਾਗ ਵਿਚ ਪੱਕੀ ਭਰਤੀ ਦੀ ਮੰਗ ਕੀਤੀ ਜਾ ਰਹੀ ਸੀ, ਜਿਨ੍ਹਾਂ ਨਾਲ ਮੀਟਿੰਗ ਕਰਨ ਉਪਰੰਤ ਸੀ.ਐਮ.ਡੀ. ਵਲੋਂ ਲਿਖਤੀ ਤੌਰ ’ਤੇ ਮਸਲਾ ਹੱਲ ਕਰਦਿਆਂ ਸਿੱਧੀ ਭਰਤੀ ਕਰਨ ਦੀ ਗੱਲ ਆਖੀ ਤੇ ਯੂਨੀਅਨ ਵਲੋਂ ਤੁਰੰਤ ਧਰਨਾ ਖਤਮ ਕਰਕੇ ਥਰਮਲ ਪਲਾਂਟਾ ਦਾ ਕੰਮ ਕਾਜ ਦੁਬਾਰਾ ਚਾਲੂ ਕਰ ਦਿੱਤਾ। ਇਸ ਕੜੀ ਵਿਚ ਪੈਸਕੋ, ਐਨ.ਸੀ.ਸੀ. ਅਤੇ ਵੱਖ ਵੱਖ ਠੇਕੇ ਅਧੀਨ ਕੰਮ ਕਰਦੀਆਂ ਜਥੇਬੰਦੀਆਂ ਦੀ ਕੱਲ੍ਹ ਬਿਜਲੀ ਮੰਤਰੀ ਨਾਲ ਉਚ ਪੱਧਰੀ ਮੀਟਿੰਗ ਰੱਖੀ ਗਈ ਹੈ, ਜਿਸ ’ਤੇ ਡਾ. ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਸਲੇ ਵੀ ਹੱਲ ਕਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸੀ.ਐਮ.ਡੀ.-ਕਮ-ਚੇਅਰਮੈਨ ਡਾ. ਬਸੰਤ ਗਰਗ ਬਿਜਲੀ ਨਿਗਮ ਵਿਚ ਪਹਿਲੇ ਕੂਟਨੀਤਿਕ ਹੋਏ ਹਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਸਭ ਤੋਂ ਵੱਧ ਬੋਰਡ ਮੀਟਿੰਗਾਂ ਕੀਤੀਆਂ ਅਤੇ ਮੁਲਾਜਮਾਂ, ਵਰਕਰਾਂ ਤੇ ਅਧਿਕਾਰੀਆਂ ਦੇ ਮਸਲਿਆਂ ਨੂੰ ਲਮਕਾਉਣ ਦੀ ਥਾਂ ਪੱਕਾ ਹੱਲ ਕਰਨ ਨੂੰ ਤਰਜੀਹ ਦਿੱਤੀ। ਲੰਘੇ ਸਾਲ 31 ਅਕਤੂਬਰ ਨੂੰ ਸੀ.ਐਮ.ਡੀ. ਡਾ. ਬਸੰਤ ਗਰਗ ਵਲੋਂ ਆਪਣਾ ਅਹੁਦਾ ਸੰਭਾਲਿਆ ਗਿਆ ਸੀ,ਜਿਸ ਤੋਂ ਬਾਅਦ ਉਨ੍ਹਾਂ ਵਲੋਂ ਬਿਜਲੀ ਨਿਗਮ ਨਾਲ ਜੁੜੇ ਕਈ ਅਹਿਮ ਫੈਸਲੇ ਜਿਵੇਂ ਕਾਲੋਨੀਆਂ ਨੂੰ ਐਨ.ਓ.ਸੀ. ਦੀ ਲੋੜ ਨੂੰ ਖਤਮ ਕਰਨਾ, ਕੱਚੇ ਕਾਮਿਆਂ ਨੂੰ ਪੱਕੇ ਕਰਨਾ ਤੋਂ ਇਲਾਵਾ ਸਰਕਾਰ ਦੁਆਰਾ ਪਹਿਲੀ ਵਾਰੀ ਬਿਜਲੀ ਨਿਗਮ ਵਿਚ ਸਿੱਧੀਆਂ ਭਰਤੀਆਂ ਕਢਾਉਣ ਵਿਚ ਅਹਿਮ ਯੋਗਦਾਨ ਪਾਇਆ।
ਥਰਮਲ ਪਲਾਂਟਾਂ ’ਤੇ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਕੱਚੇ ਤੌਰ ’ਤੇ ਕੰਮ ਕਰਦੇ ਆ ਰਹੇ ਥਰਮਲ ਪਲਾਂਟ ਠੇਕਾ ਅਤੇ ਆਊਟਸੋਰਸ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਤਿਵਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਮਸਲੇ ਬਿਜਲੀ ਨਿਗਮ ਦੇ ਪੁਰਾਣੇ ਤਕਨੀਕੀ ਚੇਅਰਮੈਨਾਂ ਕੋਲੇ ਉਠਾਉਂਦਿਆਂ ਅੱਧੀ ਉਮਰ ਬੀਤ ਗਈ, ਪ੍ਰੰਤੂ ਕਿਸੇ ਨਹੀਂ ਸੁਣੀ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਚੇਅਰਮੈਨ ਨੇ ਨਾ ਸਿਰਫ ਸਾਡੀ ਗੱਲ ਸੁਣੀ, ਸਗੋਂ ਸਾਨੂੰ ਵਿਭਾਗ ਦੇ ਵਿਚ ਪੱਕਾ ਕਰਨ ਲਈ ਲਿਖਤੀ ਪੱਤਰ ਜਾਰੀ ਕੀਤਾ।