ਮਾਚਿਸ ਨਾਲ ਖੇਡਦੇ ਹੋਏ ਗੁਲ ਪਲਾਜ਼ਾ ਨੂੰ ਲੱਗੀ ਅੱਗ
ਅੰਮ੍ਰਿਤਸਰ, 6 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਐੱਮ. ਏ. ਜ਼ਿਨਾਹ ਰੋਡ ‘ਤੇ ਸਥਿਤ ਪ੍ਰਮੁੱਖ ਮਾਲ ਗੁਲ ਪਲਾਜ਼ਾ ‘ਚ ਇਸ ਸਾਲ 17 ਜਨਵਰੀ ਨੂੰ ਲੱਗੀ ਭਿਆਨਕ ਅੱਗ ਦੇ ਸੰਬੰਧ ‘ਚ ਪੁਲਿਸ ਦੁਆਰਾ ਦਾਇਰ ਦੋਸ਼ ਪੱਤਰ ‘ਚ ਇਕ 11 ਸਾਲਾ ਲੜਕੇ ਨੂੰ ਨਾਮਜ਼ਦ ਕੀਤਾ ਗਿਆ ਹੈ। ਦੋਸ਼ ਪੱਤਰ ਅਨੁਸਾਰ ਅੱਗ ‘ਚ 72 ਲੋਕਾਂ ਦੀ ਮੌਤ ਹੋਈ, 8 ਹੋਰ ਜ਼ਖਮੀ ਹੋਏ ਅਤੇ ਲਗਭਗ 1.75 ਏਕੜ ‘ਚ ਫੈਲੇ ਸ਼ਾਪਿੰਗ ਸੈਂਟਰ ਵਿਚਲੀਆਂ 1,153 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਇਸ ਤੋਂ ਬਾਅਦ ਇਮਾਰਤ ਦਾ ਇਕ ਵੱਡਾ ਹਿੱਸਾ ਢਹਿ ਗਿਆ। ਸਰਕਾਰੀ ਵਕੀਲ ਦੇ ਗਵਾਹਾਂ ਅਨੁਸਾਰ ਲੜਕਾ ਆਪਣੇ ਪਿਤਾ ਦੀ ਗ਼ੈਰਹਾਜ਼ਰੀ ‘ਚ ਸ਼ਾਪਿੰਗ ਕੰਪਲੈਕਸ ‘ਚ ਇਕ ਬਣਾਉਟੀ ਫੁੱਲਾਂ ਦੀ ਦੁਕਾਨ ਚਲਾ ਰਿਹਾ ਸੀ ਅਤੇ ਕਥਿਤ ਤੌਰ ‘ਤੇ ਮਾਚਸ ਨਾਲ ਖੇਡਦੇ ਹੋਏ ਅੱਗ ਲੱਗ ਗਈ। ਜ਼ਿਲ੍ਹਾ ਸਰਕਾਰੀ ਵਕੀਲ ਅਬਦੁਲ ਰਜ਼ਾਕ ਗੁੱਜਰ ਨੇ ਕਿਹਾ ਕਿ ਲੜਕੇ ’ਤੇ ਦੋਸ਼ ਪੱਤਰ ‘ਚ ਨਾਮਜ਼ਦ ਹੋਰ ਦੋਸ਼ੀਆਂ ਦੇ ਨਾਲ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਵੇਗਾ। ਹੋਰ ਦੋਸ਼ੀਆਂ ‘ਚ ਗੁਲ ਪਲਾਜ਼ਾ ਪ੍ਰਬੰਧਨ ਕਮੇਟੀ ਦੇ ਮੈਂਬਰ ਤਨਵੀਰ ਪਾਸਤਾ, ਅਮਰ ਇਸਮਾਈਲ, ਮੁਹੰਮਦ ਰਮਜ਼ਾਨ ਅਤੇ ਮੁਹੰਮਦ ਅਮੀਨ ਸ਼ਾਮਿਲ ਹਨ।
ਪਾਕਿ ’ਚ 72 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਨਾਬਾਲਗ ਲੜਕੇ ਖ਼ਿਲਾਫ਼ ਚੱਲੇਗਾ ਮੁਕੱਦਮਾ
ਅਜੀਤ ਡੈਸਕ
07-07-2026