ਅੰਮ੍ਰਿਤਸਰ, 27 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਘਬਰਾਹਟ ਬਣੀ ਹੋਈ ਹੈ। ਪਾਕਿ ਸਰਕਾਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ. ਓ. ਕੇ.) ਦੇ ਸੰਦਰਭ ‘ਚ ਭਾਰਤੀ ਰੱਖਿਆ ਮੰਤਰੀ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਭੜਕਾਊ ਅਤੇ ਗ਼ੈਰ-ਜ਼ਿੰਮੇਵਾਰਾਨਾ ਦੱਸਦਿਆਂ ਉਨ੍ਹਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਵੀ ਕੀਤੀ ਹੈ। ਦਰਅਸਲ, ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ਮੌਕੇ ਕਾਰਗਿਲ ਯੁੱਧ ਯਾਦਗਾਰ ਵਿਖੇ ਆਪਣੇ ਸੰਬੋਧਨ ‘ਚ ਰੱਖਿਆ ਮੰਤਰੀ ਨੇ ਅੱਤਵਾਦ ਨੂੰ ਆਪਣੀ ‘ਰਾਜ ਨੀਤੀ’ ਦਾ ਹਿੱਸਾ ਬਣਾਉਣ ਲਈ ਪਾਕਿ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਗ਼ੈਰ-ਕਾਨੂੰਨੀ ਤੌਰ ‘ਤੇ ਕਬਜ਼ੇ ਵਾਲੇ ਭਾਰਤ ਦੇ ਹਿੱਸੇ ਪੀ. ਓ. ਕੇ. ਤੋਂ ਇਲਾਵਾ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਉਨ੍ਹਾਂ ਨੇ ‘ਆਪ੍ਰੇਸ਼ਨ ਸੰਧੂਰ’ ਦਾ ਹਵਾਲਾ ਦਿੰਦਿਆਂ ਸਪਸ਼ਟ ਤੌਰ ’ਤੇ ਇਹ ਵੀ ਕਿਹਾ ਕਿ ਭਾਰਤ ਪਾਕਿ ਦੁਆਰਾ ਕਿਸੇ ਵੀ ਦੁਰਵਿਵਹਾਰ ਦਾ ਜਵਾਬ ‘ਉਨ੍ਹਾਂ ਦੀ ਕਲਪਨਾ ਤੋਂ ਪਰੇ’ ਤਰੀਕੇ ਨਾਲ ਦੇ ਸਕਦਾ ਹੈ। ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਆਪਣੇ ਭਾਰਤੀ ਹਮਰੁਤਬਾ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਜਨੀਤਿਕ ਬਿਆਨਬਾਜ਼ੀ ਜੰਮੂ-ਕਸ਼ਮੀਰ ਦੀ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਥਿਤੀ ਨੂੰ ਨਹੀਂ ਬਦਲ ਸਕਦੀ। ਉਨ੍ਹਾਂ ਨੇ ਕਿਹਾ ਕਿ ਪਾਕਿ ਸ਼ਾਂਤੀ ਅਤੇ ਗੱਲਬਾਤ ਲਈ ਵਚਨਬੱਧ ਹੈ ਪਰ ਆਪਣੀ ਪ੍ਰਭੂਸੱਤਾ, ਖੇਤਰੀ ਅਖੰਡਤਾ ਜਾਂ ਰਾਸ਼ਟਰੀ ਸੁਰੱਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ। ਇਸ ਦੇ ਨਾਲ ਹੀ ਪਾਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਕਿਹਾ ਕਿ ਭਾਰਤੀ ਰੱਖਿਆ ਮੰਤਰੀ ਦਾ ਬਿਆਨ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ ਜੰਮੂ-ਕਸ਼ਮੀਰ ਵਿਵਾਦ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਏਜੰਡੇ ’ਤੇ ਬਣਿਆ ਹੋਇਆ ਹੈ।
ਭਾਰਤੀ ਰੱਖਿਆ ਮੰਤਰੀ ਦੀਆਂ ਪੀ.ਓ.ਕੇ. ਬਾਰੇ ਟਿੱਪਣੀਆਂ ਨਾਲ ਪਾਕਿ ’ਚ ਬਣੀ ਘਬਰਾਹਟ
ਅਜੀਤ ਡੈਸਕ
28-07-2026