ਮੋਗਾ, 2 ਅਪ੍ਰੈਲ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿਤ ਵਿਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕਣਕ ਦੀ ਕਟਾਈ ਲਈ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨ ਮਸ਼ੀਨ ਚਲਾਉਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਇਹ ਹੁਕਮ 31 ਮਈ 2026 ਤੱਕ ਲਾਗੂ ਰਹਿਣਗੇ | ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਹਾੜੀ ਦੀ ਫ਼ਸਲ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ | ਮੰਡੀਆਂ 'ਚ ਕਣਕ ਦੀ ਖ਼ਰੀਦ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਕਣਕ ਦੀ ਫ਼ਸਲ ਦਾ ਨਮੀ ਰਹਿਤ ਹੋਣਾ ਅਤਿ ਜ਼ਰੂਰੀ ਹੈ | ਜੇਕਰ ਕਣਕ ਦੀ ਫ਼ਸਲ ਦੀ ਕਟਾਈ ਸਲ੍ਹਾਬੇ ਵਿਚ ਕੀਤੀ ਜਾਂਦੀ ਹੈ ਤਾਂ ਰਗੜ ਕਾਰਨ ਫ਼ਸਲ ਨੂੰ ਅੱਗ ਲੱਗਣ ਵਰਗੀਆਂ ਘਟਨਾਵਾਂ ਦੇ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਇਸ ਲਈ ਜ਼ਿਲ੍ਹੇ ਵਿਚ ਕੰਬਾਈਨਾਂ ਦੇ ਚੱਲਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ |