ਸੁਨਾਮ ਊਧਮ ਸਿੰਘ ਵਾਲਾ, 25 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਆਬਕਾਰੀ ਵਿਭਾਗ ਪੰਜਾਬ ਵੱਲੋਂ ਨਜਾਇਜ਼, ਘਰ ਦੀ ਕੱਢੀ ਕੱਚੀ ਅਤੇ ਦੂਜਿਆਂ ਸੂਬਿਆਂ 'ਚੋਂ ਸਮਗਲ ਹੋਕੇ ਆ ਰਹੀ ਸ਼ਰਾਬ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਆਬਕਾਰੀ ਅਫ਼ਸਰ ਸੰਗਰੂਰ-1 ਦਿਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਵਿਚ ਆਬਕਾਰੀ ਇੰਸਪੈਕਟਰ ਸੁਨਾਮ ਗੌਰਵ ਜਿੰਦਲ, ਆਬਕਾਰੀ ਇੰਸਪੈਕਟਰ ਬਿਕਰਮ ਸਿੰਘ ਢੀਂਡਸਾ ਅਤੇ ਪੁਲਿਸ ਪਾਰਟੀ ਸਮੇਤ ਸਥਾਨਕ ਇੰਦਰਾ ਬਸਤੀ, ਰਵਿਦਾਸਪੁਰਾ ਟਿੱਬੀ ਅਤੇ ਗੁੱਝਾ ਪੀਰ ਵਿਚ ਚੈਕਿੰਗ ਕੀਤੀ ਗਈ | ਆਬਕਾਰੀ ਵਿਭਾਗ ਦੀ ਟੀਮ ਵੱਲੋਂ ਇਸ ਦੌਰਾਨ ਖ਼ਾਸ ਤੌਰ ਤੇ ਉਨ੍ਹਾਂ ਘਰਾਂ 'ਚ ਚੈਕਿੰਗ ਕੀਤੀ ਗਈ | ਜਿਨ੍ਹਾਂ ਘਰਾਂ ਦੇ ਕਿਸੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਪਹਿਲਾਂ ਐਕਸਾਈਜ਼ ਐਕਟ ਤਹਿਤ ਮਾਮਲੇ ਦਰਜ ਹਨ | ਇਸ ਸਮੇਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਜਿਹੀ ਸ਼ਰਾਬ ਨਾਲ ਜਿੱਥੇ ਕਈ ਭਿਆਨਕ ਬਿਮਾਰੀਆਂ ਲੱਗ ਸਕਦੀ ਹੈ ਉੱਥੇ ਹੀ ਜਾਨੀ ਨੁਕਸਾਨ ਵੀ ਹੋ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਨਾਜਾਇਜ਼ ਸ਼ਰਾਬ ਦੇ ਧੰਦੇ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਆਬਕਾਰੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ |