ਛਾਜਲੀ, 25 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ)-ਟੈਕਨੀਕਲ ਐਂਡ ਮਕੈਨੀਕਲ ਇੰਪ: ਯੂਨੀਅਨ (ਰਜ਼ਿ.) ਪੰਜਾਬ ਦੇ ਸਹਾਇਕ ਜਨਰਲ ਸਕੱਤਰ ਗੁਰਚਰਨ ਸਿੰਘ ਅਕੋਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੇ ਸਰਗਰਮ ਆਗੂਆਂ ਦੀ ਅਹਿਮ ਮੀਟਿੰਗ ਵਰਚੂਅਲ ਤਰੀਕੇ ਨਾਲ ਆਯੋਜਿਤ ਕੀਤੀ ਗਈ | ਇਸ ਮੀਟਿੰਗ ਵਿੱਚ ਵੱਖ-ਵੱਖ ਬਰਾਂਚਾਂ ਦੇ ਅਹੁਦੇਦਾਰਾਂ ਅਤੇ ਸੂਬਾਈ ਆਗੂਆਂ ਨੇ ਭਾਗ ਲਿਆ | ਮੀਟਿੰਗ ਦੌਰਾਨ ਜਥੇਬੰਦੀ ਦੇ ਸੰਗਠਨਾਤਮਕ ਮਾਮਲਿਆਂ, ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਦਰਪੇਸ਼ ਸਮੱਸਿਆਵਾਂ, ਲੰਬਿਤ ਮੰਗਾਂ ਅਤੇ ਹੋਰ ਅਹਿਮ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਯੂਨੀਅਨ ਦੀ ਮੌਜੂਦਾ ਵਰਕਿੰਗ ਕਮੇਟੀ ਦਾ ਕਾਰਜਕਾਲ ਪੂਰਾ ਹੋਣ ਕਾਰਨ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ ਕਿ ਨਵੀਂ ਵਰਕਿੰਗ ਕਮੇਟੀ ਦੀ ਚੋਣ 8 ਮਈ ਨੂੰ ਬਠਿੰਡਾ ਵਿਖੇ ਵਿਸ਼ੇਸ਼ ਚੋਣ ਮੀਟਿੰਗ ਰਾਹੀਂ ਕਰਵਾਈ ਜਾਵੇਗੀ | ਉਨ੍ਹਾਂ ਸਮੂਹ ਸਾਥੀਆਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ |