ਲਹਿਰਾਗਾਗਾ, 25 ਅਪ੍ਰੈਲ (ਅਸ਼ੋਕ ਗਰਗ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੋਰ-ਕਮੇਟੀ ਮੈਂਬਰ ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ 'ਚ ਚਲੇ ਜਾਣ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ | ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੋ ਜਿਹਾ ਬੀਜਿਆ, ਉਹੀ ਵੱਢਿਆ ਹੈ | ਭਗਵੰਤ ਮਾਨ ਨੇ ਕੇਜਰੀਵਾਲ ਮੂਹਰੇ ਗੋਡੇ ਟੇਕ ਦਿੱਤੇ ਸਨ | ਰਾਜ ਸਭਾ 'ਚ ਉਹ ਬੰਦੇ ਭੇਜੇ, ਜਿਨ੍ਹਾਂ ਦਾ ਪੰਜਾਬ ਦੇ ਹਿਤਾਂ ਨਾਲ ਕੋਈ ਸਰੋਕਾਰ ਨਹੀਂ | ਜਦੋਂ ਤੁਸੀਂ ਵਪਾਰੀ ਕਿਸਮ ਦੇ ਲੋਕਾਂ ਨੂੰ ਟਿਕਟਾਂ ਦਿਓਗੇ, ਤਾਂ ਉਹ ਆਪਣਾ ਮੁੱਲ ਵਟਣਗੇ ਹੀ | ਢੀਂਡਸਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਰਾਘਵ ਚੱਢਾ ਦੇ ਸੰਪਰਕ ਵਿੱਚ ਹੋਰ ਵਿਧਾਇਕ ਵੀ ਹੋਣ, ਜੋ ਆਪ ਛੱਡ ਕੇ ਭਾਜਪਾ 'ਚ ਜਾਣ ਲਈ ਤਿਆਰ ਹੋਣ | ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਸੱਤ ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਉਨ੍ਹਾਂ ਵਿੱਚੋਂ ਕੁੱਝ ਈਡੀ ਦੇ ਡਰ ਅਤੇ ਕੁੱਝ ਪਾਰਟੀ ਤੋਂ ਨਾਰਾਜ਼ ਹੋ ਕੇ ਗਏ ਹਨ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਹੁਣ ਰਾਸ਼ਟਰਪਤੀ ਤੋਂ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਰੀਕਾਲ ਕਰਨ ਲਈ ਜੋ ਸਮਾਂ ਮੰਗਿਆ ਹੈ ਉਹ ਇੱਕ ਡਰਾਮਾ ਹੈ | ਜਿਹੜੇ ਰਾਜ ਸਭਾ ਮੈਂਬਰ ਭਾਜਪਾ ਵਿੱਚ ਗਏ ਹਨ ਉਹ ਕਾਨੂੰਨ ਮੁਤਾਬਕ ਹੀ ਗਏ ਹਨ ਦੋ ਤਿਹਾਈ ਮੈਂਬਰ ਛੱਡ ਕੇ ਗਏ ਹਨ ਜੋ ਆਪਣਾ ਨਵਾਂ ਦਲ ਬਣਾ ਸਕਦੇ ਹਨ | ਹੁਣ ਮੈਂ ਇਹ ਵੀ ਕਿਹਾ ਕਿ ਇਹ ਪਿਰਤ ਮਾੜੀ ਹੈ ਪਰ ਗ਼ਲਤੀ 'ਆਪ' ਦੇ ਵੀ ਹੋਵੇਗੀ | ਢੀਂਡਸਾ ਨੇ ਕਿਹਾ ਕਿ ਇਨ੍ਹਾਂ ਲੱਛਣਾਂ ਕਾਰਨ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ | 2027 ਵਿੱਚ ਪੰਜਾਬ ਦੇ ਲੋਕ ਜ਼ਰੂਰ ਬਦਲਾ ਲੈਣਗੇ | ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਸ਼੍ਰੋਮਣੀ ਅਕਾਲੀ (ਵਾਰਿਸ ਪੰਜਾਬ ਦੇ) ਪਾਰਟੀ ਨਾਲ ਜੋ ਸਮਝੌਤਾ ਹੋਣਾ ਲਗਭਗ ਤੈਅ ਹੋ ਚੁੱਕਾ ਹੈ | ਸਿਰਫ਼ ਪੰਜਾਬ ਦੇ ਏਜੰਡੇ ਦੀ ਗੱਲ ਚੱਲ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਵੀ ਸਮਝੌਤਾ ਸਿਰਫ਼ ਇਸ ਗੱਲ 'ਤੇ ਹੋ ਸਕਦਾ ਹੈ ਕਿ ਉਹ ਅਕਾਲ ਤਖ਼ਤ ਉੱਪਰ ਜਾ ਕੇ 2 ਦਸੰਬਰ ਵਾਲਾ ਹੁਕਮਨਾਮਾ ਮੰਨ ਲੈਣ | ਇਸ ਮੌਕੇ ਨਗਰ ਕੌਂਸਲ ਲਹਿਰਾਗਾਗਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਮਹੇਸ਼ ਸ਼ਰਮਾ ਨੀਟੂ, ਕੌਂਸਲਰ ਕਿਰਪਾਲ ਸਿੰਘ ਨਾਥਾ, ਜਸਵੰਤ ਸਿੰਘ ਹੈਪੀ, ਸੁਰੇਸ਼ ਕੁਮਾਰ ਪਾਲਾ, ਸਤਪਾਲ ਪਾਲੀ, ਰਿੰਕੂ ਖਰੋੜ, ਜਸਵੰਤ ਸਿੰਘ ਹੈਪੀ ਮੌਜੂਦ ਸਨ |