06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜ਼ਿਲ੍ਹਾ ਮਲੇਰਕੋਟਲਾ ਦੀ ‘ਤਕਦੀਰ’ ਬਦਲਣ ਦੇ ਸਮਰੱਥ ਹੋਵੇਗਾ ‘ਜੌੜੇਪੁਲ ਮੁੱਖ ਸੜਕ ਦਾ ਮਹਾਂ ਪ੍ਰੋਜੈਕਟ’

Ad Position 21
No active advertisement
ਅਜੀਤ ਡੈਸਕ 27-07-2026

ਮਲੇਰਕੋਟਲਾ, 26 ਜੁਲਾਈ (ਮਨਜਿੰਦਰ ਸਿੰਘ ਸਰੌਦ) - ਪੰਜਾਬ ਦੇ ਇਤਿਹਾਸਿਕ ਸ਼ਹਿਰ ਮਲੇਰਕੋਟਲਾ ਨੂੰ ਭਾਵੇਂ ਜ਼ਿਲ੍ਹੇ ਵਜੋਂ ਹੋਂਦ ਵਿੱਚ ਆਇਆ ਅੱਧਾ ਦਹਾਕਾ ਬੀਤ ਚੁੱਕਿਆ ਹੈ । ਪਰ ਇੱਥੋਂ ਦੇ ਲੋਕ ਅਜੇ ਵੀ ਕਈ ਖੇਤਰਾਂ ਦੇ ਅੰਦਰ ਜ਼ਿਲ੍ਹੇ ਵਾਲੀਆਂ ਕੁੱਝ ਸਹੂਲਤਾਂ ਤੋਂ ਵਾਂਝੇ ਹਨ। ਜੇਕਰ ਟਰੈਫ਼ਿਕ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਸ਼ਹਿਰ ਦੇ ਅੰਦਰ ਟਰੈਫ਼ਿਕ ਦਾ ਤਾਂ ਹੁਣ ਰੱਬ ਹੀ ਰਾਖਾ ਨਜ਼ਰ ਆਉਂਦਾ ਹੈ। ਜਗ੍ਹਾ-ਜਗ੍ਹਾ ’ਤੇ ਲੱਗੇ ਵਾਹਨਾਂ ਦੇ ਜਾਮ ਤੁਹਾਨੂੰ ਆਮ ਮਿਲ ਜਾਂਦੇ ਹਨ। ਉਸ ਤੋਂ ਬਾਅਦ ਜ਼ਿਲ੍ਹਾ ਮਲੇਰਕੋਟਲਾ ਦੀਆਂ ਸੜਕਾਂ ਦੀ ਹਾਲਤ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਹੁਣ ਸੂਬਾ ਸਰਕਾਰ ਵੱਲੋਂ ਮਲੇਰਕੋਟਲਾ-ਜੌੜੇਪੁਲ ਮੁੱਖ ਸੜਕ ਦੇ ਨਿਰਮਾਣ ਤੇ ਸੁਧਾਰ ਲਈ ‘ਇਨ-ਪ੍ਰਿੰਸੀਪਲ’ ਮਨਜ਼ੂਰੀ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਇੱਕ ਆਸ ਜ਼ਰੂਰ ਵੱਝੀ ਹੈ, ਕਿਉਂਕਿ ਇਸ ਸੜਕ ’ਤੇ ਆਏ ਦਿਨ ਹੁੰਦੇ ਸੜਕੀ ਹਾਦਸਿਆਂ ਦੀ ਬਦੌਲਤ ਕਈ ਘਰਾਂ ਦੇ ਚਿਰਾਗ਼ ਬੁੱਝ ਚੁੱਕੇ ਹਨ। ਜਾਣਕਾਰੀ ਮੁਤਾਬਕ ਇਸ ਪ੍ਰਾਜੈਕਟ ਦੇ ਤਹਿਤ ਕਰੀਬ 66 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ 18.5 ਕਿੱਲੋਮੀਟਰ ਲੰਮੀ ਸੜਕ ਨੂੰ ਮੌਜੂਦਾ 18 ਫੁੱਟ ਤੋਂ ਵਧਾ ਕੇ 33 ਫੁੱਟ ਕੀਤਾ ਜਾਵੇਗਾ। ਇਸ ਮੁੱਖ ਸੜਕ ਦੇ ਨਵੀਨੀਕਰਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਮਲੇਰਕੋਟਲਾ ਦੇ ਲੋਕਾਂ ਤੋਂ ਇਲਾਵਾ ਆਲੇ ਦੁਆਲੇ ਹੋਰਨਾਂ ਜ਼ਿਲਿ੍ਹਆਂ ਦੇ ਵਾਸੀਆਂ ਨੂੰ ਵੀ ਇਸ ਗੱਲ ਦੀ ਖ਼ੁਸ਼ੀ ਹੋਈ ਕਿ ਸੜਕ ’ਚ ਸੁਧਾਰ ਹੋਣ ਤੋਂ ਬਾਅਦ ਟਰੈਫ਼ਿਕ ਸਮੱਸਿਆ ਦਾ ਹੱਲ ਹੋ ਜਾਵੇਗਾ। ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਇਸ ਮਹਾਂ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ਲਈ ਯਤਨਸ਼ੀਲ ਹਨ। ਜੇਕਰ ਇਹ ਮਹਾਂ ਪ੍ਰੋਜੈਕਟ ਸਿਰੇ ਚੜ ਜਾਂਦਾ ਹੈ ਤਾਂ ਬਿਨ੍ਹਾਂ ਸ਼ੱਕ ਕਈ ਇਨਸਾਨੀ ਜ਼ਿੰਦਗੀਆਂ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਜਾਣਗੀਆਂ ਨਹੀਂ ਤਾਂ ਇਸ ਸੜਕ ’ਤੇ ਕਿਸੇ ਵੀ ਵਾਹਨ ਚਾਲਕ ਨੂੰ ਦੂਜੇ ਵਾਹਨ ਨੂੰ ਪਾਸ ਕਾਰਨ ਸਮੇਂ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਲਾਕੇ ਦੇ ਲੋਕਾਂ ਦਾ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਇਸ ਸੜਕ ਨੂੰ ਸਿਰਫ਼ ਮਲੇਰਕੋਟਲਾ ਤੋਂ ਜੌੜੇਪੁਲ ਤੱਕ, ਜਿਸ ਦੀ ਲੰਬਾਈ ਤਕਰੀਬਨ 18.5 ਕਿੱਲੋਮੀਟਰ ਬਣਦੀ ਹੈ ਦਾ ਹੀ ਕਿਉਂ ਨਵੀਨੀਕਰਨ ਕੀਤਾ ਜਾ ਰਿਹਾ ਹੈ, ਖੰਨੇ ਤੱਕ ਕਿਉਂ ਨਹੀਂ। ਜਦਕਿ ਟਰੈਫ਼ਿਕ ਦੀ ਸਮੱਸਿਆ ਤਾਂ ਮਲੇਰਕੋਟਲਾ ਤੋਂ ਖੰਨੇ ਤੱਕ ਹੈ। ਜ਼ਿਕਰਯੋਗ ਹੈ ਕਿ ਜੌੜੇ ਪੁਲ ਤੱਕ ਇਸ ਮੁੱਖ ਸੜਕ ਦੇ ਕੁੱਝ ਕੁ ਹਿੱਸੇ ਨੂੰ ਛੱਡ ਕੇ ਬਾਕੀ ਸਾਰੀ ਸੜਕ ਹਲਕਾ ਅਮਰਗੜ੍ਹ ਦਾ ਹਿੱਸਾ ਹੈ। ਹੈਰਾਨੀਜਨਕ ਤੱਥ ਤਾਂ ਇਹ ਵੀ ਹੈ ਕਿ ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਪੈਂਦੇ ਪ੍ਰਸਿੱਧ ਜੌੜੇ ਪੁਲਾਂ ਦੇ ਆਲੇ-ਦੁਆਲੇ ਕਰੀਬ 4 ਵਿਧਾਨ ਸਭਾ ਹਲਕਿਆਂ ਦੀਆਂ ਹੱਦਬੰਦੀਆਂ ਲੱਗਦੀਆਂ ਹਨ ਪਰ ਇਨ੍ਹਾਂ ਪੁਲਾਂ ਦਾ ਨਿਰਮਾਣ ਅਜੇ ਤੱਕ ਨਹੀਂ ਹੋ ਸਕਿਆ, ਜਦਕਿ ਪੰਜਾਬ ਕੈਬਨਿਟ ਦੇ ਕਈ ਵਜ਼ੀਰ ਤੇ ਬਹੁਤ ਸਾਰੇ ਵਿਧਾਇਕ ਚੰਡੀਗੜ੍ਹ ਨੂੰ ਜਾਣ ਸਮੇਂ ਇਨ੍ਹਾਂ ਪੁਲਾਂ ਦੇ ਉੱਪਰ ਦੀ ਗੁਜ਼ਰਦੇ ਹਨ । ਵਾਤਾਵਰਨ ਪ੍ਰੇਮੀਆਂ ਦੀ ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਸੜਕ ਦਾ ਵਿਸਥਾਰ ਕਰਨ ਸਮੇਂ ਦਰਖ਼ਤਾਂ ਦਾ ਕਤਲੇਆਮ ਘੱਟ ਤੋਂ ਘੱਟ ਕੀਤਾ ਜਾਵੇ। ਚੰਗਾ ਹੋਵੇ ਜੇਕਰ ਬਿਨ੍ਹਾਂ ਕਿਸੇ ’ਅੜਚਣ’ ਦੇ ਇਸ ਮੁੱਖ ਸੜਕ ਦਾ ਨਵੀਨੀਕਰਨ ਨੇਪਰੇ ਚੜ ਜਾਵੇ, ਨਹੀਂ ਤਾਂ ਕਈ ਵਾਰ ਅਜਿਹੇ ਪ੍ਰੋਜੈਕਟ ਸਰਕਾਰੀ ਫਾਈਲਾਂ ’ਚ ਦੱਬ ਕੇ ਰਹਿ ਜਾਂਦੇ ਹਨ ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦਾ ਪਿੰਡ ਲਸੋਈ ਬਣੇਗਾ ਪਹਿਲਾ ‘ਮਾਡਲ ਸੋਲਰ ਵਿਲੇਜ’ ਅਗਲੀ ਖ਼ਬਰ ਲੋਕ ਭਲਾਈ ਸੇਵਾ ਸੰਮਤੀ ਦਾ ਮੁੱਖ ਮੰਤਵ ਲੋੜਵੰਦਾਂ ਦੀ ਸੇਵਾ- ਵਿਸ਼ਾਲ ਲੈਹਰੀ
Ad Position 24
No active advertisement