13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਾ ਸੜਕਾਂ, ਨਾ ਸਿਗਨਲ ਲਾਈਟਾਂ... ਆਖ਼ਿਰ ਕਦੋਂ ਬਦਲੇਗੀ ਸਰਹੱਦੀ ਸ਼ਹਿਰ ਫਿਰੋਜ਼ਪੁਰ ਦੀ ਨੁਹਾਰ ?

Ad Position 21
No active advertisement
ਅਜੀਤ ਡੈਸਕ 01-07-2026

ਫਿਰੋਜ਼ਪੁਰ,30 ਜੂਨ (ਸੁਖਵਿੰਦਰ ਸਿੰਘ) – ਸਰਹੱਦੀ ਸ਼ਹਿਰ ਫਿਰੋਜ਼ਪੁਰ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਤਰਸਦਾ ਨਜ਼ਰ ਆ ਰਿਹਾ ਹੈ। ਸ਼ਹਿਰ ਦੀਆਂ ਟੁੱਟੀਆਂ-ਫੁੱਟੀਆਂ ਸੜਕਾਂ, ਠੱਪ ਪਿਆ ਸੀਵਰੇਜ ਸਿਸਟਮ ਅਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਸਿਗਨਲ ਲਾਈਟਾਂ ਦੀ ਘਾਟ ਕਾਰਨ ਲੋਕਾਂ ਨੂੰ ਹਰ ਰੋਜ਼ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਵੀਆਂ ਸੜਕਾਂ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਉੱਚਾ ਚੁੱਕਣ ਦੀ ਬਜਾਏ ਨੀਵਾਂ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਲੋਕਾਂ ਦੇ ਘਰ ਸੜਕਾਂ ਨਾਲੋਂ ਨੀਵੇਂ ਹੋ ਜਾਣਗੇ ਅਤੇ ਬਰਸਾਤ ਦੇ ਦਿਨਾਂ ਵਿਚ ਪਾਣੀ ਘਰਾਂ ਅੰਦਰ ਦਾਖ਼ਲ ਹੋਣ ਦਾ ਖ਼ਤਰਾ ਹੋਰ ਵੱਧ ਜਾਵੇਗਾ। ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਦੇਸ਼ ਦੀ ਸਰਹੱਦ ਨਾਲ ਲੱਗੇ ਇਸ ਮਹੱਤਵਪੂਰਨ ਸ਼ਹਿਰ ਦੀ ਤਸਵੀਰ ਆਖ਼ਿਰ ਕਦੋਂ ਬਦਲੇਗੀ? ਦਹਾਕਿਆਂ ਤੋਂ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਤਾਂ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਅੱਜ ਵੀ ਉਹੀ ਹੈ। 78 ਸਾਲ ਬੀਤ ਜਾਣ ਦੇ ਬਾਵਜੂਦ ਨਾ ਸੀਵਰੇਜ ਪ੍ਰਬੰਧ ਪੂਰੀ ਤਰ੍ਹਾਂ ਦਰੁਸਤ ਹੋ ਸਕਿਆ ਅਤੇ ਨਾ ਹੀ ਸੜਕਾਂ ਅਤੇ ਟਰੈਫਿਕ ਪ੍ਰਬੰਧਨ ਨੂੰ ਆਧੁਨਿਕ ਰੂਪ ਦਿੱਤਾ ਗਿਆ। ਸ਼ਹਿਰ ਵਾਸੀਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੋਈ ਅਜਿਹਾ ਜਨ ਪ੍ਰਤੀਨਿਧੀ ਅੱਗੇ ਆਵੇ ਜੋ ਸਰਹੱਦੀ ਇਲਾਕਿਆਂ ਦੇ ਵਿਕਾਸ ਨੂੰ ਤਰਜੀਹ ਦੇਵੇ ਅਤੇ ਫਿਰੋਜ਼ਪੁਰ ਨੂੰ ਉਸ ਦਾ ਬਣਦਾ ਹੱਕ ਦਿਵਾਏ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਐਲਾਨਾਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਹੀ ਸ਼ਹਿਰ ਦੀ ਨੁਹਾਰ ਬਦਲੀ ਜਾ ਸਕਦੀ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਿਰੋਜ਼ਪੁਰ ਦੇ ਵਿਕਾਸ ਲਈ ਲੰਬੀ ਮਿਆਦ ਦੀ ਯੋਜਨਾ ਬਣਾਈ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਨਾ ਕਰਨਾ ਪਵੇ।

ਸਿਰਫ਼ ਵਾਅਦੇ, ਵਿਕਾਸ ਗਾਇਬ... 78 ਸਾਲਾਂ ਤੋਂ ਫਿਰੋਜ਼ਪੁਰ ਕਿਉਂ ਪਿੱਛੇ?

ਐਮ.ਸੀ ਦਵਿੰਦਰ ਸਿੰਘ ਪਹਿਲਵਾਨ ਨੇ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਰਹੇ ਹਨ ਪਰ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਹੱਦੀ ਸ਼ਹਿਰ ਫਿਰੋਜ਼ਪੁਰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਜੇ ਤੱਕ ਟਰੈਫਿਕ ਪ੍ਰਬੰਧਨ ਲਈ ਪੱਕੇ ਤੌਰ ‘ਤੇ ਸਿਗਨਲ ਲਾਈਟਾਂ ਦੀ ਵਿਵਸਥਾ ਨਹੀਂ ਹੋ ਸਕੀ। ਜਿਸ ਕਾਰਨ ਹਰ ਰੋਜ਼ ਲੋਕਾਂ ਨੂੰ ਜਾਮ ਅਤੇ ਹਾਦਸਿਆਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿੱਥੇ ਸਿਗਨਲ ਲਾਈਟਾਂ ਲਗਾਈਆਂ ਵੀ ਗਈਆਂ, ਉੱਥੇ ਉਹ ਚੱਲਣ ਤੋਂ ਪਹਿਲਾਂ ਹੀ ਬੇਕਾਰ ਹੋ ਗਈਆਂ ਜਾਂ ਹੇਠਾਂ ਡਿੱਗ ਪਈਆਂ, ਜੋ ਵਿਕਾਸ ਕਾਰਜਾਂ ਦੀ ਗੁਣਵੱਤਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਰਾਮਗੜ੍ਹੀਆ ਆਗੂ ਦਵਿੰਦਰ ਸਿੰਘ ਕਲਸੀ, ਸੁਰਿੰਦਰ ਸਿੰਘ ਨਾਗੀ, ਨਰਿੰਦਰ ਸਿੰਘ ਸਮਾਜ ਸੇਵੀ ਅਤੇ ਅਵਤਾਰ ਸਿੰਘ ਸਤਨਾਮ ਟੋਕੇ ਵਾਲੇ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਹਰ ਚੋਣ ਤੋਂ ਪਹਿਲਾਂ ਕੁਝ ਦਿਨਾਂ ਲਈ ਸੜਕਾਂ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਤਾਂ ਕਰ ਦਿੱਤਾ ਜਾਂਦਾ ਹੈ, ਪਰ ਉਹ ਅਕਸਰ ਅਧੂਰਾ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਸੜਕਾਂ ਬਣਾਉਣ ਦਾ ਕੰਮ ਤਾਂ ਬਰਸਾਤਾਂ ਦੇ ਦਿਨਾਂ ਤੋਂ ਆਉਣ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਤਾਂ ਜੋ ਸੜਕਾਂ ਦੀ ਮਿਆਦ ਵੱਧ ਸਕੇ। ਉਨ੍ਹਾਂ ਨੇ ਕਿਹਾ ਕਿ ਹੁਣ ਲੋਕ ਸਿਰਫ਼ ਐਲਾਨ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਨਜ਼ਰ ਆਉਣ ਵਾਲਾ ਵਿਕਾਸ ਚਾਹੁੰਦੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਿਰੋਜ਼ਪੁਰ ਲਈ ਲੰਬੀ ਮਿਆਦ ਦੀ ਵਿਕਾਸ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਸਰਹੱਦੀ ਸ਼ਹਿਰ ਨੂੰ ਵੀ ਦੇਸ਼ ਦੇ ਹੋਰ ਵਿਕਸਿਤ ਸ਼ਹਿਰਾਂ ਦੇ ਬਰਾਬਰ ਲਿਆਂਦਾ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਪੱਖੀ ਤੇ ਸਿਧਾਂਤਕ ਸੋਚ ਸਦਕਾ ਹਰ ਵਰਗ ਦਾ ਪਾਰਟੀ ’ਚ ਵਧ ਰਿਹਾ ਹੈ... ਅਗਲੀ ਖ਼ਬਰ ਨਵਾਂਸ਼ਹਿਰ ਮੁੱਖ ਮਾਰਗ ’ਤੇ ਵਾਪਰਿਆ ਭਿਆਨਕ ਹਾਦਸਾ, ਅਕਾਲੀ ਆਗੂ ਜਾਡਲੀ ਜ਼ਖਮੀ
Ad Position 24