ਤਲਵੰਡੀ ਸਾਬੋ, 23 ਮਈ (ਰਣਜੀਤ ਸਿੰਘ ਰਾਜੂ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਗ੍ਹਾ ਰਾਮ ਤੀਰਥ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਲਈ ਅੱਜ ਉਹ ਪਲ ਗੌਰਵਮਈ ਹੋ ਨਿੱਬੜਿਆ, ਜਦੋਂ ਸਕੂਲ ਦੀਆਂ ਬਾਰ੍ਹਵੀਂ ਅਤੇ ਦਸਵੀਂ ਸ਼੍ਰੇਣੀ 'ਚੋਂ 90 ਪ੍ਰਤੀਸ਼ਤ ਤੋਂ ਵਧੇਰੇ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਦਾ ਰਾਮਪੁਰਾ ਫੂਲ ਦੀ ਵਿੱਦਿਅਕ ਸੰਸਥਾ ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ 'ਚ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਲਵਿਸ਼ ਚਾਵਲਾ ਕੰਟਰੋਲਰ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ, ਮੌੜ ਮੰਡੀ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਸ੍ਰੀਮਤੀ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਬਠਿੰਡਾ) ਚਮਕੌਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਦੀਆਂ ਬਾਰ੍ਹਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਪਿੰਦਰਪਾਲ ਕੌਰ ਅਤੇ ਬੀਰਦੀਪ ਕੌਰ ਦਸਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਬੇਅੰਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਉਨ੍ਹਾਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਸਕੂਲ ਪ੍ਰਬੰਧਕਾਂ ਮੁਤਾਬਿਕ ਜ਼ਿਲ੍ਹਾ ਪੱਧਰੀ ਸਮਾਗਮ 'ਚ ਵਿਦਿਆਰਥਣਾਂ ਵਲੋਂ ਸਨਮਾਨ ਹਾਸਲ ਕਰਨ ਦਾ ਸਿਹਰਾ ਸਕੂਲ ਦੇ ਪਿ੍ੰਸੀਪਲ ਰਾਜੀਵ ਗੋਇਲ ਅਤੇ ਵਾਈਸ ਪਿ੍ੰਸੀਪਲ ਜਸਬੀਰ ਸਿੰਘ ਭਾਗੀਵਾਂਦਰ ਦੇ ਨਾਲ ਸਮੂਹ ਸਟਾਫ਼ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀ ਇਸ ਮੁਕਾਮ ਤੱਕ ਪਹੁੰਚ ਸਕੇ | ਉੱਧਰ ਸਕੂਲ ਪਿ੍ੰਸੀਪਲ ਨੇ ਬੱਚਿਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਉਨ੍ਹਾਂ ਨੂੰ ਅੱਗੇ ਵੀ ਮਿਹਨਤ ਤੇ ਉੱਦਮ ਨਾਲ ਪੜ੍ਹਾਈ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਕਲਾਸ ਮੁਖੀ ਸ੍ਰੀਮਤੀ ਸੁਮਨ ਰਾਣੀ, ਗੁਰਸ਼ਰਨ ਸਿੰਘ ਅੰਗਰੇਜ਼ੀ ਅਧਿਆਪਕ ਅਤੇ ਸ੍ਰੀਮਤੀ ਸਿਮਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਦਿੱਤੀ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ | ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਸਮਾਗਮ 'ਚ ਸਕੂਲ ਪਿ੍ੰਸੀਪਲ, ਵਾਈਸ ਪਿ੍ੰਸੀਪਲ ਅਤੇ ਕੈਂਪਸ ਮੈਨੇਜਰ ਹਰਭਜਨ ਸਿੰਘ ਦਾ ਵੀ ਸਨਮਾਨ ਕੀਤਾ ਗਿਆ ਹੈ |