ਬਠਿੰਡਾ, 28 ਮਈ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਈਦ ਦਰਗਾਹ ਆਭਾ ਬਸਤੀ 'ਚ ਮੁਸਲਿਮ ਭਾਈਚਾਰੇ ਵਲੋਂ ਬਕਰੀਦ ਦੀ ਨਮਾਜ਼ ਅਦਾ ਕਰਕੇ ਪੂਰਨ ਉਤਸ਼ਾਹ ਨਾਲ ਬਕਰੀਦ ਦਾ ਤਿਉਹਾਰ ਮਨਾਇਆ ਗਿਆ | ਮੌਲਵੀ ਰਮਜ਼ਾਨ ਅਨੁਸਾਰ ਬਕਰੀਦ ਦੇ ਤਿਉਹਾਰ ਨੂੰ ਸਮਰਪਿਤ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਈਦ ਦਰਗਾਹਾਂ 'ਚ ਨਮਾਜ਼ ਅਦਾ ਕੀਤੀ ਗਈ | ਇਸ ਮੌਕੇ ਮੁਸਲਿਮ ਵੀਰਾਂ ਵਲੋਂ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਣ ਹਿੱਤ ਬੱਚਿਆਂ, ਅÏਰਤਾਂ ਵਲੋਂ ਇਕ ਦੂਜੇ ਧਰਮ ਦੇ ਲੋਕਾਂ ਨੂੰ ਗਲਵੱਕੜੀਆਂ ਪਾ ਕੇ ਮੁਬਾਰਕਬਾਦ ਦਿੰਦਿਆਂ ਦੁਨੀਆਂ ਭਰ 'ਚ ਸ਼ਾਂਤੀ ਦੀ ਦੁਆ ਕੀਤੀ | ਇਸ ਮੌਕੇ ਜਿੱਥੇ ਆਮ ਲੋਕਾਂ ਨੇ ਨਮਾਜ਼ ਅਦਾ ਕੀਤੀ, ਉੱਥੇ ਹੀ ਜਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਨਮਾਜ਼ ਅਦਾ ਕਰਨ ਮੌਕੇ ਸ਼ਿਰਕਤ ਕੀਤੀ ਗਈ | ਇਸ ਮੌਕੇ ਮੌਲਾਨਾ ਨੇ ਕਿਹਾ ਕਿ ਗਰੀਬ ਵਰਗ ਦੇ ਪਰਿਵਾਰਾਂ ਨੂੰ ਆਰਥਿਕ ਤੰਗੀ ਤੋਂ ਉਭਰਨ ਲਈ ਯਤਨ ਕਰਨ ਦੀ ਲੋੜ ਹੈ | ਮਾਸਟਰ ਖਾਨ ਨੇ ਦੱਸਿਆ ਕਿ ਈਦ ਦਰਗਾਹ ਦੇ ਘਰਾਂ ਅਤੇ ਮਸਜਿਦ ਵਿਚ ਜਾ ਕੇ ਪਵਿੱਤਰ ਕੁਰਾਨ ਪੜ੍ਹਨ ਉਪਰੰਤ ਪ੍ਰਾਰਥਨਾਵਾਂ ਕੀਤੀਆਂ | ਇਸ ਮੌਕੇ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕਰਕੇ ਆਪਸੀ ਭਾਈਚਾਰੇ 'ਚ ਪਿਆਰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ |