ਭੁੱਚੋ ਮੰਡੀ, 27 ਜੂਨ (ਪਰਵਿੰਦਰ ਸਿੰਘ ਜੌੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਬਠਿੰਡਾ ਦੀ ਵਧਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਸਕੱਤਰ ਗੁਰਨਾਮ ਸਿੰਘ ਮਹਿਰਾਜ ਨੇ ਦੱਸਿਆ ਕਿ ਮੀਟਿੰਗ ਅੰਦਰ ਬਲਵਿੰਦਰ ਸਿੰਘ ਜੇਠੂਕੇ ਜੋ ਇਸ ਜਥੇਬੰਦੀ ਦਾ ਆਗੂ ਰਿਹਾ ਹੈ, ਵਲੋਂ ਜਥੇਬੰਦੀ ਛੱਡਣ ਉਪਰੰਤ ਜਾਰੀ ਕੀਤੀਆਂ ਵੀਡੀਓਜ ਬਾਰੇ ਵਿਚਾਰ ਚਰਚਾ ਕੀਤੀ ਗਈ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਬਲਵਿੰਦਰ ਸਿੰਘ ਜੇਠੂਕੇ ਦੀ ਭੂਮਿਕਾ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਉਹ ਲਗਭਗ ਦੋ ਸਾਲ ਤੋਂ ਗੈਰ ਸਰਗਰਮ ਸੀ। ਇਲਾਵਾ, ਜਥੇਬੰਦੀ ਵਲੋਂ ਲਗਾਈਆਂ ਡਿਊਟੀਆਂ ਨਹੀਂ ਨਿਭਾਈਆਂ, ਉਹ ਜ਼ਿਲ੍ਹੇ ਦੀਆਂ ਮੀਟਿੰਗਾਂ ਅਤੇ ਉਲੀਕੀਆਂ ਸਰਗਰਮੀਆਂ ਵਿਚ ਹਾਜ਼ਰ ਨਹੀਂ ਹੋਇਆ। ਇਸ ਕਰਕੇ ਵਧਵੀਂ ਮੀਟਿੰਗ ਵਿਚ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਇਕਾਈਆਂ ਸ਼ਾਮਿਲ ਹੋਈਆਂ ਅਤੇ ਉਨ੍ਹਾਂ ਸਰਬਸੰਮਤੀ ਨਾਲ ਬਲਵਿੰਦਰ ਸਿੰਘ ਜੇਠੂਕੇ ਵਲੋਂ ਬਿਨ੍ਹਾਂ ਅਸਤੀਫ਼ਾ ਦਿੱਤੇ ਅਤੇ ਬਿਨ੍ਹਾਂ ਕੋਈ ਇਤਰਾਜ਼ ਰੱਖੇ ਚੁੱਪਚਾਪ ਜਥੇਬੰਦੀ ਤੋਂ ਕਿਨਾਰਾ ਕਰਨ ਅਤੇ ਜਥੇਬੰਦੀ ਵਿਰੋਧੀਆਂ ਨਾਲ ਸਾਜਸ਼ੀ ਢੰਗ ਨਾਲ ਤਾਲਮੇਲ ਕਰਕੇ ਜਥੇਬੰਦੀ ਨਾਲ ਕਥਿਤ ਵਿਸ਼ਵਾਸਘਾਤ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ। ਮੀਟਿੰਗ ਨੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਉਸ ਨਾਲ ਜੁੜੀ ਲੀਡਰਸ਼ਿਪ ਵਿਚ ਵਿਸ਼ਵਾਸ ਪ੍ਰਗਟਾਉਂਦਿਆਂ ਪ੍ਰਣ ਕੀਤਾ ਕਿ ਉਹ ਜਥੇਬੰਦੀ ਦੀ ਸਹੀ ਲੀਹ ‘ਤੇ ਖੜ੍ਹ ਕੇ ਮੌਕਾਪ੍ਰਸਤ ਵਿਰੋਧੀਆਂ ਦਾ ਜ਼ੋਰਦਾਰ ਟਾਕਰਾ ਕਰਨਗੇ ਅਤੇ ਜਥੇਬੰਦੀ ਦੀਆਂ ਨੀਤੀਆਂ ਅਤੇ ਕਾਰਵਾਈਆਂ ਨੂੰ ਪੂਰੀ ਤਾਕਤ ਨਾਲ ਲਾਗੂ ਕਰਨਗੇ। ਜ਼ਿਲ੍ਹਾ ਪ੍ਰਧਾਨ ਹਰਵਿੰਦਰ ਕੋਟਲੀ ਅਤੇ ਜ਼ਿਲ੍ਹਾ ਆਗੂ ਅਮਰਜੀਤ ਹਨੀ ਨੇ 4 ਜੁਲਾਈ ਦੇ ਚੰਡੀਗੜ੍ਹ ਧਰਨੇ ਦੀ ਤਿਆਰੀ ਵਿਚ ਪੰਜਾਬ ਦੀਆਂ ਦੋ ਪ੍ਰਮੁੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੀ ਅਗਵਾਈ ਵਿਚ ਹੋ ਰਹੇ ਮੁਜ਼ਾਹਰੇ ਸਬੰਧੀ ਦੱਸਿਆ ਕਿ ਭਾਰਤ ਤੇ ਅਮਰੀਕਾ ਦਾ ਟੈਕਸ ਮੁਕਤ ਵਪਾਰ ਸਮਝੌਤਾ ਹੋ ਰਿਹਾ ਹੈ, ਜਿਹੜਾ ਕਿ ਭਾਰਤ ਦੇ ਛੋਟੇ ਕਾਰੋਬਾਰੀ ਅਤੇ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ। ਇਸ ਦੇ ਖਿਲਾਫ ਦੋ ਜਥੇਬੰਦੀਆਂ ਨੇ ਸੰਘਰਸ਼ ਦੇ ਮੈਦਾਨ ਵਿਚ ਆਉਣ ਦਾ ਫੈਸਲਾ ਕੀਤਾ। ਮੀਟਿੰਗ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਨਾਹਰ ਸਿੰਘ ਭਾਈਰੂਪਾ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਦੀਪ ਨਾਥਪੁਰਾ, ਸੰਗਤ ਬਲਾਕ ਪ੍ਰਧਾਨ ਬੰਤਾ ਸਿੰਘ ਪਥਰਾਲਾ, ਸੁਖਪਾਲ ਸਿੰਘ ਕੋਟਲੀ, ਜਗਦੀਸ਼ ਸਿੰਘ ਰਾਮਪੁਰਾ ਖ਼ਜ਼ਾਨਚੀ, ਬਲਾਕ ਰਾਮਪੁਰਾ ਪ੍ਰਧਾਨ ਸਰਦੂਲ ਸਿੰਘ ਰਾਮਨਵਾਸ, ਸੁਰਜੀਤ ਸਿੰਘ, ਖ਼ਜ਼ਾਨਚੀ ਗੁਰਤੇਜ ਸਿੰਘ ਸੇਮਾ ਸਮੇਤ ਵੱਡੀ ਗਿਣਤੀ ‘ਚ ਪਿੰਡ ਕਮੇਟੀਆਂ ਸ਼ਾਮਿਲ ਹੋਈਆਂ।