02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੇ ਫਿਜ਼ੀਕਲ ਅਕੈਡਮੀ ਦੇ ਸੰਚਾਲਕ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 28-06-2026
ਭੁੱਚੋ ਮੰਡੀ, 27 ਜੂਨ (ਪਰਵਿੰਦਰ ਸਿੰਘ ਜੌੜਾ)-ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਫਿਜ਼ੀਕਲ ਟ੍ਰੇਨਿੰਗ ਅਕੈਡਮੀ ਦੇ ਸੰਚਾਲਕ ਖ਼ਿਲਾਫ਼ ਪੁਲਿਸ ਥਾਣਾ ਨਥਾਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲਾ ਉਸ ਵੇਲੇ ਸੁਰਖ਼ੀਆਂ ਵਿਚ ਆਇਆ ਸੀ, ਜਦੋਂ ਬੀਤੇ ਦਿਨੀਂ ਅਕੈਡਮੀ ਸੰਚਾਲਕ ਵਲੋਂ ਵਿਦਿਆਰਥੀ ਦੇ ਪੀ. ਜੀ. ਦੇ ਕਮਰੇ ਵਿਚ ਜਾ ਕੇ ਉਸ ਨੂੰ ਕਮਰੇ ‘ਚੋਂ ਬਾਹਰ ਫ਼ਰਸ਼ ‘ਤੇ ਸੁੱਟ ਕੇ ਡੰਡਿਆਂ ਅਤੇ ਲੱਤਾਂ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਵਿਖੇ ਰਹਿਣ ਵਾਲਾ ਪ੍ਰਭਦੀਪ ਸਿੰਘ ਪੁੱਤਰ ਤਰਲੋਕਾ ਨਾਂਅ ਦਾ ਇਹ ਵਿਦਿਆਰਥੀ ਬੀ. ਐਸ. ਐਫ਼. ਵਿਚ ਭਰਤੀ ਹੋਣ ਲਈ ਫਿਜ਼ੀਕਲ ਟ੍ਰੇਨਿੰਗ ਲੈਣ ਲਈ ਇਥੋਂ ਦੀ ਅਕਾਲ ਅਕੈਡਮੀ ਵਿਚ ਭਰਤੀ ਹੋਇਆ ਸੀ। ਵਿਦਿਆਰਥੀ ਅਨੁਸਾਰ ਅਕੈਡਮੀ ਵਿਚ ਰਹਿਣ ਸਹਿਣ ਸਬੰਧੀ ਸਹੂਲਤਾਂ ਦੀ ਘਾਟ ਦੇ ਚੱਲਦਿਆਂ ਉਸ ਨੇ ਨਜ਼ਦੀਕ ਹੀ ਸਥਿਤ ਪੀ. ਜੀ. ਵਿਚ ਕਮਰਾ ਲਿਆ ਸੀ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਕਿਸੇ ਸਹਿਪਾਠੀ ਦੇ ਪੈਰ ‘ਤੇ ਸੱਟ ਵੱਜੀ ਹੋਣ ਕਰਕੇ ਉਸ ਦੇ ਪੱਟੀ ਆਦਿ ਕਰਨ ਗਿਆ ਤਾਂ ਮੌਕੇ ’ਤੇ ਪਹੁੰਚੇ ਅਕੈਡਮੀ ਦੇ ਸੰਚਾਲਕ ਗੁਰਜੰਟ ਸਿੰਘ ਵਾਸੀ ਬੁਰਜ ਕਾਹਨ ਸਿੰਘ ਵਾਲਾ ਨੇ ਉਸ ਦੀ ਡੰਡਿਆਂ ਅਤੇ ਲੱਤਾਂ ਨਾਲ ਪਸ਼ੂਆਂ ਵਾਂਗ ਬੁਰੀ ਤਰ੍ਹਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ। ਵਿਦਿਆਰਥੀ ਦੀ ਮਾਤਾ ਸੁਰਜੀਤ ਕੌਰ ਨੇ ਦੋਸ਼ ਲਾਇਆ ਸੀ ਕਿ ਜਦੋਂ ਉਨ੍ਹਾਂ ਮਾਮਲੇ ਸਬੰਧੀ ਅਕੈਡਮੀ ਸੰਚਾਲਕ ਗੁਰਜੰਟ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਉਲਟਾ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਸ ਦੇ ਲੜਕੇ ਦੀ ਮੌਤ ਵੀ ਹੋ ਜਾਂਦੀ ਤਾਂ ਵੀ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ। ਜ਼ਖ਼ਮੀ ਵਿਦਿਆਰਥੀ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਅਤੇ ਰੁੱਕਾ ਪ੍ਰਾਪਤ ਹੋਣ ਉਪਰੰਤ ਥਾਣਾ ਨਥਾਣਾ ਦੀ ਪੁਲਿਸ ਵਲੋਂ ਪੀੜਤ ਦੇ ਬਿਆਨ ਦਰਜ ਕਰਨ ਉਪਰੰਤ ਅਕਾਲ ਫਿਜ਼ੀਕਲ ਅਕੈਡਮੀ ਦੇ ਸੰਚਾਲਕ ਗੁਰਜੰਟ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਨਥਾਣਾ ਦੇ ਨਵ-ਨਿਯੁਕਤ ਐਸ. ਐਚ. ਓ. ਹਰਜੀਵਨ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਵਿਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਲਹਿਰਾ ਥਰਮਲ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਗਲੀ ਖ਼ਬਰ ਕਾਂਗਰਸ ਦੇ ਬੁਲਾਰੇ ਜਸ਼ਨ ਚਹਿਲ ਦੇ ਧੰਨਵਾਦੀ ਰੋਡ ਮਾਰਚ ਦਾ ਭਗਤਾ ਭਾਈਕਾ ਵਿਖੇ ਸਵਾਗਤ
Ad Position 24
No active advertisement