ਲਹਿਰਾ ਮੁਹੱਬਤ, 27 ਜੂਨ (ਸੁਖਪਾਲ ਸਿੰਘ ਸੁੱਖੀ)- ਸਾਂਝੀ ਥਰਮਲ ਕੰਟਰੈਕਟਰ ਵਰਕਰਜ਼ ਯੂਨੀਅਨ ਸੰਘਰਸ਼ ਕਮੇਟੀ ਏਟਕ ਦੇ ਬੈਨਰ ਹੇਠ ਲਹਿਰਾ ਮੁਹੱਬਤ ਥਰਮਲ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਨੇ ਮੁੱਖ ਗੇਟ ਤੋਂ ਮਾਰਕੀਟ ਤੱਕ ਰੋਸ ਮਾਰਚ ਕਰਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੁਕ ਕੇ ਪ੍ਰਦਰਸ਼ਨ ਕੀਤਾ। ਇਸ ਸਮੇਂ ਜਥੇਬੰਦੀ ਦੇ ਕੋ-ਕਨਵੀਨਰ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਅੜੀਅਲ ਰੱਵਈਏ ਕਾਰਨ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਦਾ ਲਗਾਤਾਰ ਧਰਨਾ ਅੱਜ 12ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਜਰਨਲ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਟਾਲ ਮਟੋਲ ਦੀ ਨੀਤੀ ਕਾਰਨ ਵਰਕਰਾਂ ‘ਚ ਦਿਨੋਂ ਦਿਨ ਰੋਸ ਵਧਦਾ ਜਾ ਰਿਹਾ ਹੈ । ਜਿਥੇ ਅੱਤ ਦੀ ਗਰਮੀ ’ਚ ਕਾਮਿਆਂ ਦੇ ਪਰਿਵਾਰਾਂ ਤੇ ਬੱਚਿਆਂ ਦੀ ਵੱਡੀ ਗਿਣਤੀ ਹੁੰਦੀ ਹੈ । ਰੋਸ ਪ੍ਰਦਰਸ਼ਨ ਦੌਰਾਨ ਅੱਜ ਬਿਜਲੀ ਮੰਤਰੀ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਉਨ੍ਹਾਂ ਕਿਹਾ ਕਿ ਜਿਥੇ ਬਿਜਲੀ ਉਤਪਾਦਨ ਦਾ ਕੰਮ ਠੱਪ ਹੈ, ਉਥੇ ਹੀ ਹਰ ਰੋਜ਼ ਕਰੋੜਾਂ ਰੁਪਏ ਦੀ ਬਿਜਲੀ ਪੰਜਾਬ ਸਰਕਾਰ ਨੂੰ ਬਾਹਰੋਂ ਖ਼ਰੀਦਣੀ ਪੈ ਰਹੀ ਹੈ। ਪੰਜਾਬ ਰਾਜ ਜਿੱਥੇ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਹੈ। ਕਿ ਜਿੱਥੇ ਸਰਕਾਰੀ ਥਰਮਲ ਪਲਾਂਟ 3 ਰੁਪਏ 40 ਪੈਸੇ ਪ੍ਰਤੀ ਯੂਨਿਟ ਬਿਜਲੀ ਬਣਾਉਂਦੇ ਹਨ । ਮੈਨੇਜਮੈਂਟ ਦੇ ਅੜੀਅਲ ਵਤੀਰੇ ਕਾਰਨ ਇਹ ਵਿੱਤੀ ਬੋਝ ਆਮ ਜਨਤਾ ਦੇ ਸਿਰ ਪੈ ਰਿਹਾ ਹੈ । ਆਮ ਜਨਤਾ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਪਰੇਸ਼ਾਨ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 24 ਮਈ ਦਾ ਸਮਝੌਤਾ ਲਾਗੂ ਕਰਕੇ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਵਿੱਚ ਮਰਜ਼ ਕੀਤਾ ਜਾਵੇ । ਇਸ ਦੌਰਾਨ ਬੀ.ਕੇ.ਯੂ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੜਤਾਲ ਨਾਲ ਪੰਜਾਬ ਸਰਕਾਰ ਦਾ ਮੈਨੇਜਮੈਂਟ ਨੁਕਸਾਨ ਕਰਾ ਰਹੀ ਹੈ। ਸਰਕਾਰ ਨੂੰ ਤੁਹਾਡੇ ਮਸਲੇ ਦਾ ਹੱਲ ਕਰਨਾ ਪਵੇਗਾ। ਭਵਿੱਖ ਵਿਚ ਅੜੀਅਲ ਵਤੀਰੇ ਨੂੰ ਤੋੜਨ ਲਈ ਤਿੱਖੇ ਸੰਘਰਸ਼ ਦੇ ਮੈਦਾਨ ’ਚ ਨਿੱਤਰਨ ਲਈ ਵੀ ਸੁਚੇਤ ਕੀਤਾ। ਕਿਸਾਨ ਆਗੂ ਗੁਰਮੇਲ ਸਿੰਘ ਲਹਿਰਾ ਤੇ ਹੋਰ ਕਿਸਾਨ ਆਗੂ ਵੀ ਸ਼ਾਮਿਲ ਸਨ।