ਕੁਹਾੜਾ, 20 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਬੀ. ਐੈੱਡ. ਅਧਿਆਪਕ ਫ਼ਰੰਟ ਮਾਂਗਟ-3 ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਮਰਦਮ ਸ਼ੁਮਾਰੀ ਕਾਰਨ ਇੱਕ ਬਾਰ ਫਿਰ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ | ਉਨ੍ਹਾਂ ਕਿਹਾ ਕਿ ਮਰਦਮ ਸ਼ੁਮਾਰੀ ਕਾਰਨ ਅਧਿਆਪਕਾਂ ਦੀਆਂ ਤਿੰਨ ਦਿਨ ਦੀਆਂ ਟਰੇਨਿੰਗਾਂ ਦੇ ਪੰਜ ਬੈਚ ਬਣਾ ਦਿੱਤੇ ਹਨ, ਜਿਸ ਕਾਰਨ ਜ਼ਿਆਦਾਤਰ ਅਧਿਆਪਕ ਸਕੂਲਾਂ ਤੋਂ ਬਾਹਰ ਚਲੇ ਹਨ | ਉਨ੍ਹਾਂ ਕਿਹਾ ਕਿ ਮਾਂਗਟ-3 ਬਲਾਕ ਵਿਚ ਪਹਿਲਾਂ ਹੀ ਜ਼ਿਆਦਾਤਰ ਸਕੂਲ ਸਿੰਗਲ ਅਧਿਆਪਕ ਜਾਂ ਟੀਚਰ ਲੈਸ ਹਨ ਅਤੇ ਅਧਿਆਪਕਾਂ ਦੇ ਟਰੇਨਿੰਗਾਂ 'ਤੇ ਜਾਣ ਕਰ ਕੇ ਇਹ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ | ਇਨ੍ਹਾਂ ਅਧਿਆਪਕਾਂ ਦੀ ਥਾਂ ਜੋ ਅਧਿਆਪਕ ਡੈਪੂਟੇਸ਼ਨ 'ਤੇ ਆ ਰਹੇ ਹਨ | ਉਨ੍ਹਾਂ ਦੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਇਸ ਮੌਕੇ ਈ. ਟੀ. ਟੀ. ਯੂਨੀਅਨ ਦੇ ਬਲਾਕ ਆਗੂ ਸੰਜੇ ਕੁਮਾਰ ਤੇ ਐੈੱਸ. ਸੀ/ ਬੀ. ਸੀ. ਅਧਿਆਪਕ ਯੂਨੀਅਨ ਦੇ ਬਲਾਕ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਮਰਦਮ ਸ਼ੁਮਾਰੀ ਦਾ ਕੰਮ ਬੇਰੁਜ਼ਗਾਰ ਅਧਿਆਪਕਾਂ ਤੋਂ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਮਾਂਗਟ-3 ਬਲਾਕ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਦਾ ਸੰਤਾਪ ਭੋਗ ਰਿਹਾ ਹੈ | ਅਧਿਆਪਕਾਂ ਦੀ ਘਾਟ ਕਾਰਨ ਨਵੇਂ ਬੱਚੇ ਦਾਖਿਲ ਨਹੀਂ ਹੋ ਰਹੇ | ਉਨ੍ਹਾਂ ਕਿਹਾ ਕਿ ਜੋ ਨਵੇਂ 5994 ਅਧਿਆਪਕ ਭਰਤੀ ਕੀਤੇ ਜਾ ਰਹੇ ਹਨ | ਉਹ ਸਭ ਤੋਂ ਪਹਿਲਾਂ ਮਾਂਗਟ-3 ਬਲਾਕ ਵਿਚ ਭੇਜੇ ਜਾਣ ਤਾਂ ਜੋ ਬਲਾਕ ਵਿਚ ਨਵੇਂ ਬੱਚਿਆਂ ਦੇ ਦਾਖ਼ਲੇ ਤੇ ਪੜਾਈ ਦਾ ਪੱਧਰ ਸੁਧਰ ਸਕੇ |