ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਅੱਜ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਕਾਰਜਕਾਲ ਦੀ ਮਿਆਦ ਪੂਰੀ ਹੋਣ 'ਤੇ ਕੌਂਸਲ ਵਿਚ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਬਹੁਤ ਸਾਰੇ ਕੌਂਸਲਰ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਤੇ ਸਮਰਾਲਾ ਹਲਕੇ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਅੱਜ ਕਮਲਜੀਤ ਸਿੰਘ ਲੱਧੜ ਦੇ ਪੰਜ ਸਾਲ ਦਾ ਕਾਰਜਕਾਲ ਬਹੁਤ ਸ਼ਾਨਦਾਰ ਢੰਗ ਨਾਲ ਪੂਰਾ ਹੋਇਆ | ਆਪਣੇ ਕਾਰਜਕਾਲ ਦੌਰਾਨ ਪ੍ਰਧਾਨ ਲੱਧੜ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰਿਕਾਰਡ ਤੌੜ ਵਿਕਾਸ ਕਾਰਜ ਕੀਤਾ ਗਿਆ | ਕੌਂਸਲ ਪ੍ਰਧਾਨ ਲੱਧੜ ਵੱਲੋਂ ਕੌਂਸਲਰਾਂ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਸ਼ਹਿਰ ਵਾਸੀਆਂ ਨੂੰ ਜੋ ਉਨ੍ਹਾਂ ਤੋਂ ਆਸ ਸੀ ਉਸ 'ਤੇ ਖਰਾ ਉਤਰੇ ਹਨ ਅਤੇ ਚਾਰ ਸਾਲ ਵਿਰੋਧੀ ਪਾਰਟੀ ਦੀ ਸਰਕਾਰ ਹੋਣ ਕਰ ਕੇ ਭਾਵੇਂ ਉਨ੍ਹਾਂ ਦਾ ਕੋਈ ਵੀ ਸਾਥ ਨਹੀਂ ਦਿੱਤਾ ਗਿਆਸ਼ | ਇਸ ਦੇ ਬਾਵਜੂਦ ਵੀ ਉਨ੍ਹਾਂ ਵਲੋਂ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਗਈ | ਸਰਕਾਰ ਵਲੋਂ ਕੋਈ ਫ਼ੰਡ ਤਾਂ ਕੀ ਦੇਣਾ ਸੀ, ਉਲਟਾ ਝੂਠੇ ਮਾਮਲੇ ਦਰਜ ਕੀਤੇ ਗਏ | ਸਰਕਾਰੀ ਅਧਿਕਾਰੀਆਂ ਵਲੋਂ ਵੀ ਕੋਈ ਸਾਥ ਨਹੀਂ ਦਿੱਤਾ ਗਿਆ | ਇਸ ਸਭ ਦੇ ਬਾਵਜੂਦ ਵੀ ਸੰਵਿਧਾਨ ਮਤੇ ਮੁਤਾਬਿਕ ਇਨ੍ਹਾਂ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ਹਿਰਵਾਸੀਆਂ ਦੇ ਕਾਰਜ ਕੀਤੇ ਗਏ ਹਨ | ਇਸ ਕਰ ਕੇ ਇਨ੍ਹਾਂ ਦਾ ਕਾਰਜਕਾਲ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ | ਇਸ ਮੌਕੇ ਪ੍ਰਧਾਨ ਲੱਧੜ ਨੇ ਕਿਹਾ ਕਿ ਉਨ੍ਹਾਂ ਵਲੋਂ ਜੋ ਕਿਹਾ ਗਿਆ ਸੀ ਉਹ ਕਰ ਕੇ ਦਿਖਾਇਆ ਗਿਆ | ਜਿਹੜਾ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ, ਉਸ ਨੰੂ ਪੂਰਾ ਕੀਤਾ ਗਿਆ ਹੈ ਅਤੇ ਆਪਣੇ ਕੀਤੇ ਗਏ ਕੰਮ ਕਰ ਕੇ ਹੀ ਹੁਣ ਫਿਰ ਲੋਕਾਂ ਦੀ ਕਚਹਿਰੀ ਵਿਚ ਜਾਣਗੇ | ਕੌਂਸਲ ਪ੍ਰਧਾਨ ਲੱਧੜ ਵਲੋਂ ਸਾਬਕਾ ਮੰਤਰੀ ਗੁਰਕੀਰਤ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਸਾਬਕਾ ਮੰਤਰੀ ਗੁਰਕੀਰਤ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਅਤੇ ਸਮਰਾਲਾ ਹਲਕੇ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਸਮੂਹ ਕੌਂਸਲਰਾਂ ਵਲੋਂ ਪ੍ਰਧਾਨ ਕਮਲਜੀਤ ਸਿੰਘ ਲੱਧੜ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਾਜੀਵ ਰਾਏ ਮਹਿਤਾ, ਕੌਂਸਲਰ ਸ਼ਮਿੰਦਰ ਸਿੰਘ ਮਿੰਟੂ, ਗਿੰਨੀ ਵਿਜ਼ਨ, ਕੌਂਸਲਰ ਰਵਿੰਦਰ ਸਿੰਘ ਬੱਬੂ, ਸੁਦਰਸ਼ਨ ਵਰਮਾ, ਕੌਂਸਲਰ ਸੰਦੀਪ ਘਈ, ਕੌਂਸਲਰ ਹਰਦੀਪ ਸਿੰਘ ਨੀਨੂੰ, ਕਾਂਗਰਸੀ ਆਗੂ ਰਣਬੀਰ ਸਿੰਘ ਕਾਕਾ ਆਦਿ ਮੌਜੂਦ ਸਨ |
ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੇ ਕਾਰਜਕਾਲ ਦੇ ਆਖ਼ਰੀ ਦਿਨ ਸਨਮਾਨ ਸਮਾਰੋਹ ਕਰਵਾਇਆ
ਨਗਰ ਕੌਂਸਲ ਵਿਚ ਕਰਵਾਏ ਸਮਾਰੋਹ ਦੌਰਾਨ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੂੰ ਸਨਮਾਨਿਤ ਕਰਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ, ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਹੋਰ ਕਾਂਗਰਸੀ ਕੌਂਸਲਰ ਤੇ ਆਗੂ | ਅਜੀਤ ਤਸਵੀਰ<br/>
21-04-2026