ਪਤਨੀ ਦਾ ਕਤਲ ਕਰਨ ਵਾਲਾ ਪਤੀ ਗਿ੍ਫ਼ਤਾਰ, ਪੁਲਿਸ ਨੇ 24 ਘੰਟੇ 'ਚ ਮਾਮਲਾ ਸੁਲਝਾਇਆ
ਅਜੀਤ ਡੈਸਕ
21-04-2026
ਡੀ. ਐੈੱਸ. ਪੀ. ਸਮਰਾਲਾ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਵਾਸੀ ਦਾਊਮਾਜਰਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦੀ ਲੜਕੀ ਰਾਜਵਿੰਦਰ ਕੌਰ ਨੇ ਕਰੀਬ 12 ਸਾਲ ਪਹਿਲਾਂ ਆਪਣੀ ਮਰਜ਼ੀ ਅਨੁਸਾਰ ਗੁਰਪ੍ਰੀਤ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ | ਕੱਲ੍ਹ ਕਰੀਬ ਸਾਢੇ 3 ਵਜੇ ਉਸ ਦੇ ਰਿਸ਼ਤੇਦਾਰਾਂ ਨੇ ਫ਼ੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਾਜਵਿੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਜਦੋਂ ਉਨ੍ਹਾਂ ਹਸਪਤਾਲ ਆ ਕੇ ਲਾਸ਼ ਦੇਖੀ ਤਾਂ ਉਸ 'ਤੇ ਕਾਫ਼ੀ ਤਸ਼ੱਦਦ ਕੀਤਾ ਹੋਇਆ ਸੀ | ਬਿਆਨਕਰਤਾ ਅਨੁਸਾਰ ਉਸ ਦੀ ਲੜਕੀ ਰਾਜਵਿੰਦਰ ਕੌਰ ਨਾਲ ਪਤੀ ਤੇ ਸਹੁਰਾ ਪਰਿਵਾਰ ਕਾਫ਼ੀ ਲੜਾਈ, ਝਗੜਾ ਕਰ ਕੁੱਟਮਾਰ ਕਰਦੇ ਸਨ | ਮਾਛੀਵਾੜਾ ਪੁਲਿਸ ਵਲੋਂ ਤੁਰੰਤ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਤੇ ਇਸ ਕਤਲ ਮਾਮਲੇ 'ਚ ਮੁੱਢਲੀ ਜਾਂਚ ਦੌਰਾਨ ਗੁਰਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਥਾਣਾ ਮੁਖੀ ਪਵਿੱਤਰ ਸਿੰਘ ਤੇ ਪੁਲਸ ਟੀਮ ਵਲੋਂ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅੱਗੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ |