ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਇਸ ਵਾਰ ਸਬਜ਼ੀਆਂ ਦੀ ਬੰਪਰ ਪੈਦਾਵਾਰ ਨੇ ਜਿੱਥੇ ਮੰਡੀ ਵਿਚ ਰੌਣਕ ਵਧਾਈ ਹੈ, ਉੱਥੇ ਹੀ ਕਿਸਾਨਾਂ ਲਈ ਇਹ ਹਾਲਾਤ ਚਿੰਤਾ ਦਾ ਕਾਰਨ ਬਣ ਗਏ ਹਨ | ਖੰਨਾ ਸਬਜ਼ੀ ਮੰਡੀ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਆਪਣੀ ਫ਼ਸਲ ਵੇਚਣ ਆਏ ਸਬਜ਼ੀ ਉਤਪਾਦਕ ਘੱਟ ਭਾਅ ਮਿਲਣ ਕਾਰਨ ਗਹਿਰੀ ਨਿਰਾਸ਼ਾ ਵਿੱਚ ਦਿਖਾਈ ਦੇ ਰਹੇ ਹਨ | ਮੰਡੀ ਵਿਚ ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ | ਉਨ੍ਹਾਂ ਮੁਤਾਬਿਕ ਬੀਜ, ਖਾਦ, ਕੀਟਨਾਸ਼ਕ ਤੇ ਮਜ਼ਦੂਰੀ ਦੇ ਵਧਦੇ ਖ਼ਰਚਿਆਂ ਦੇ ਬਾਵਜੂਦ ਸਬਜ਼ੀਆਂ ਦੇ ਰੇਟ ਇੰਨੇ ਘੱਟ ਹਨ ਕਿ ਖਰਚੇ ਵੀ ਪੂਰੇ ਨਹੀਂ ਹੋ ਰਹੇ | ਕਈ ਕਿਸਾਨਾਂ ਨੇ ਕਿਹਾ ਕਿ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ, ਜਿਸ ਕਰ ਕੇ ਉਨ੍ਹਾਂ 'ਤੇ ਆਰਥਿਕ ਦਬਾਅ ਹੋਰ ਵੱਧ ਗਿਆ ਹੈ ਅਤੇ ਉਹ ਘਾਟੇ ਵਿਚ ਜਾ ਰਹੇ ਹਨ | ਕੁੱਝ ਕਿਸਾਨਾਂ ਨੇ ਤਾਂ ਇਹ ਵੀ ਦੱਸਿਆ ਕਿ ਮੰਡੀ ਵਿਚ ਰੇਟ ਬਹੁਤ ਘੱਟ ਹੋਣ ਕਰ ਕੇ ਉਹ ਆਪਣੀ ਸਬਜ਼ੀ ਵੇਚਣ ਦੀ ਬਜਾਏ ਵਾਪਸ ਲੈ ਜਾਣ 'ਤੇ ਮਜਬੂਰ ਹੋ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਮੁਸ਼ਕਲ ਹੋਰ ਵਧ ਰਹੀ ਹੈ | ਦੂਜੇ ਪਾਸੇ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਇਸ ਵਾਰ ਸਬਜ਼ੀਆਂ ਦੀ ਬੰਪਰ ਪੈਦਾਵਾਰ ਹੋਈ ਹੈ, ਜਿਸ ਕਾਰਨ ਮੰਗ ਦੇ ਮੁਕਾਬਲੇ ਸਪਲਾਈ ਵੱਧ ਗਈ ਹੈ ਅਤੇ ਰੇਟ ਆਪਣੇ ਆਪ ਹੀ ਡਿਗ ਗਏ ਹਨ | ਉਨ੍ਹਾਂ ਦੇ ਅਨੁਸਾਰ ਜਦੋਂ ਮੰਡੀ ਵਿੱਚ ਜ਼ਿਆਦਾ ਮਾਲ ਆਉਂਦਾ ਹੈ ਤਾਂ ਭਾਅ ਘੱਟ ਹੋਣਾ
ਸੁਭਾਵਿਕ ਹੈ | ਇਸ ਸਥਿਤੀ ਨੇ ਕਿਸਾਨਾਂ ਲਈ ਗੰਭੀਰ ਆਰਥਿਕ ਚੁਨੌਤੀ ਪੈਦਾ ਕਰ ਦਿੱਤੀ ਹੈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਬਜ਼ੀਆਂ ਦੇ ਵਾਜਬ ਭਾਅ ਯਕੀਨੀ ਬਣਾਉਣ ਲਈ ਕੋਈ ਢੰਗ ਦੀ ਨੀਤੀ ਬਣਾਏ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਮਿਲ ਸਕੇ ਅਤੇ ਉਹ ਘਾਟੇ ਤੋਂ ਬਚ ਸਕਣ |
ਕਿਸਾਨ ਸਬਜ਼ੀ ਦੀ ਬੰਪਰ ਪੈਦਾਵਾਰ ਕਰ ਕੇ ਫਸੇ, ਨਹੀਂ ਮਿਲ ਰਹੇ ਵਾਜਬ ਭਾਅ
ਅਜੀਤ ਡੈਸਕ
21-04-2026