ਜਗਰਾਉਂ, 26 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਬੱਸ ਸਟੈਂਡ ਨੇੜੇ ਪੁਲ ਥੱਲੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਪੰਜਾਬ ਵਾਸੀਆਂ ਨਾਲ ਗੱਦਾਰੀ ਕਰਨ ਵਾਲੇ ਸੱਤ ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਨਾਲ ਧੋਖਾ ਕਰਨ ਵਿਰੁੱਧ ਉਨ੍ਹਾਂ ਦੇ ਪੁਤਲੇ ਸਾੜੇ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਆਗੂਆਂ ਅਤੇ ਵਰਕਰਾਂ ਨੇ ਭਾਰੀ ਨਾਅਰੇਬਾਜ਼ੀ ਕੀਤੀ | ਇਸ ਸਮੇਂ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਅਤੇ ਜ਼ਿਲ੍ਹਾ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਕਿਹਾ ਕਿ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਗਏ ਰਾਜ ਸਭਾ ਦੇ ਸੱਤ ਮੈਂਬਰਾਂ ਨੇ ਪੰਜਾਬ ਦੇ ਕਰੋੜਾਂ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸੱਤਾਂ ਜਾਣਿਆਂ ਦਾ ਵਿਰੋਧ ਜਾਰੀ ਰਹੇਗਾ | ਜੋ ਕੋਈ ਹੋਰ ਵੀ ਪਾਰਟੀ ਨਾਲ ਇਸ ਤਰ੍ਹਾਂ ਗੱਦਾਰੀ ਕਰੇਗਾ, ਉਸ ਦੇ ਘਰ ਅੱਗੇ ਵੀ ਧਰਨੇ, ਰੋਸ ਮੁਜ਼ਾਹਰੇ ਕੀਤੇ ਜਾਣਗੇ | ਉਕਤ ਬੁਲਾਰਿਆਂ ਨੇ ਕਿਹਾ ਕਿ ਪਾਰਟੀ ਦੇ ਆਗੂ ਅਤੇ ਵਰਕਰ ਇਕਜੁੱਟ ਹੋ ਕੇ ਇਨ੍ਹਾਂ ਸੱਤਾਂ ਰਾਜ ਸਭਾ ਮੈਂਬਰਾਂ ਦੀ ਮੈਂਬਰੀ ਰੱਦ ਕਰਵਾਉਣਗੇ ਤਾਂ ਕਿ ਕੋਈ ਹੋਰ ਪਾਰਟੀ ਦੀ ਪਿੱਠ ਵਿਚ ਛੁਰਾ ਨਾ ਮਾਰ ਸਕੇ | ਇਸ ਮੌਕੇ ਚੇਅਰਮੈਨ ਕਰਮਜੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸੁਖਦੀਪ ਸਿੰਘ ਕਾਉਂਕੇ, ਰਾਮ ਸਿੰਘ, ਕੁਲਵੰਤ ਸਿੰਘ ਜਗਰਾਉਂ, ਕਰਮਜੀਤ ਸਿੰਘ ਸਿੱਧੂ, ਪਿ੍ਤਪਾਲ ਸਿੰਘ ਬੋਦਲਵਾਲਾ, ਕੋਆਰਡੀਨੇਟਰ ਰਵਿੰਦਰ ਸਿੰਘ ਖ਼ਾਲਸਾ, ਜਗਸੀਰ ਸਿੰਘ ਗਾਲਿਬ, ਕੁਲਦੀਪ ਸਿੰਘ ਸੇਖਦੌਲਤ ਆਦਿ ਆਗੂ ਹਾਜ਼ਰ ਸਨ |