ਸਿੱਧਵਾਂ ਬੇਟ, 26 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਕੁਝ ਸਮਾਂ ਪਹਿਲਾਂ ਬਦਲਾਅ ਵਾਲੀ ਸੂਬਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡ ਦਾਅਵਾ ਕਰ ਦਿੱਤਾ ਸੀ ਕਿ ਸਾਡੀ ਸਰਕਾਰ ਨੇ ਕੋਲੇ ਦੇ ਵੱਡੇ ਭੰਡਾਰ ਜਮਾਂ ਕਰ ਰੱਖੇ ਹਨ ਅਤੇ ਹੁਣ ਖੇਤੀਬਾੜੀ ਅਤੇ ਘਰੇਲੂ ਖ਼ਪਤਕਾਰਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਹੁਣ ਕਦੀ ਵੀ ਬਿਜਲੀ ਨਹੀਂ ਜਾਵੇਗੀ, ਇਸ ਲਈ ਬਿਜਲੀ ਦਾ ਬਲਬ ਝਮੱਕਾ ਵੀ ਨਹੀਂ ਮਾਰੇਗਾ, ਪਰ ਹੁਣ ਜਿਸ ਤਰ੍ਹਾਂ ਬਿਜਲੀ ਦੇ ਹਾਲਾਤ ਬਣੇ ਹੋਏ ਹਨ | ਉਨ੍ਹਾਂ ਨੇ ਤਾਂ ਮੁੱਖ ਮੰਤਰੀ ਦੇ ਸਾਰੇ ਦਾਅਵਿਆਂ ਦੀ ਇਕ ਤਰ੍ਹਾਂ ਨਾਲ ਫੂਕ ਕੱਢ ਕੇ ਰੱਖ ਦਿੱਤੀ ਹੈ | ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਨੇ ਤਾਂ ਲੋਕਾਂ ਦੇ ਘਰਾਂ ਵਿਚ ਰੱਖੇ ਇਨਵਰਟਰਾਂ ਨੂੰ ਚਲਾਉਣ ਵਾਲੇ ਬੈਟਰਿਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਜਦੋਂ ਲੋਕ ਆਪਣਾ ਕੰਮਕਾਰ ਕਰਕੇ ਘਰਾਂ ਨੂੰ ਪਰਤਦੇ ਹਨ ਅਤੇ ਰੋਟੀ-ਪਾਣੀ ਖਾਣ ਦਾ ਸਮਾਂ ਆਉਂਦਾ ਹੈ ਤਾਂ ਪੂਰੇ ਬੇਟ ਇਲਾਕੇ ਵਿਚ ਇਕ ਤਰ੍ਹਾਂ ਨਾਲ ਹਨੇਰਾ ਛਾਅ ਜਾਂਦਾ ਹੈ | ਵਿਚਾਰੇ ਲੋਕ ਬਿਜਲੀ ਦੀ ਉਡੀਕ ਕਰਦੇ-ਕਰਦੇ ਸੌਂ ਜਾਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅੱਧੀ ਰਾਤ ਤੋਂ ਬਾਅਦ ਬਿਜਲੀ ਕਦੋਂ ਆ ਗਈ | ਕਈ ਬਿਜਲੀ ਖ਼ਪਤਕਾਰਾਂ ਦਾ ਆਖਣਾ ਹੈ ਕਿ ਅਜੇ ਤਾਂ ਝੋਨੇ ਦੀ ਬਿਜਾਈ ਸ਼ੁਰੂ ਨਹੀਂ ਹੋਈ ਤਾਂ ਫਿਰ ਐਣੇ ਵੱਡੇ ਕੱਟ ਕਿਉਂ ਲਗਾਏ ਜਾ ਰਹੇ ਹਨ | ਉਨਾਂ ਆਖਿਆ ਕਿ ਸਾਨੂੰ ਤਾਂ ਇਉਂ ਜਾਪ ਰਿਹਾ ਹੈ ਕਿ ਸਰਕਾਰ ਕੋਲ ਹੁਣ ਕੋਇਲਾ ਖ੍ਰੀਦਣ ਲਈ ਬੱਜਟ ਹੀ ਨਹੀਂ ਹੈ, ਇਸੇ ਲਈ ਮੁਸ਼ਕਿਲ ਆ ਰਹੀ ਹੈ | ਦੂਜੇ ਪਾਸੇ ਅਜੇ ਤੱਕ ਹਾਕਮ ਧਿਰ ਵਿਰੋਧੀ ਪਾਰਟੀਆਂ ਵੀ ਬਿਜਲੀ ਦੇ ਕੱਟਾਂ ਨੂੰ ਲੈ ਕੇ ਚੁੱਪ ਹਨ, ਪਰ ਉਹ ਗਰੀਬ ਵਰਗ ਇਸ ਗਰਮੀ ਦਾ ਸੇਕ ਆਪਣੇ ਪਿੰਡਾਂ 'ਤੇ ਹੰਡਾ ਰਿਹਾ ਹੈ, ਜਿਨ੍ਹਾਂ ਦੇ ਕੋਲ ਨਾ ਤਾਂ ਇਨਵਰਟਰ ਹਨ ਅਤੇ ਨਾ ਹੀ ਜਨਰੇਟਰ, ਪਰ ਗਰਮੀ ਕਾਰਨ ਇਸ ਵਰਗ ਦੇ ਛੋਟੇ ਬੱਚਿਆਂ ਦੀ ਕਿਕਲਾਰੀਆਂ ਵੱਡੇ ਘਰਾਂ ਵਿਚ ਚੱਲ ਰਹੇ ਜਨਰੇਟਰਾਂ ਦੀ ਆਵਾਜ਼ ਵਿਚ ਦੱਬ ਕੇ ਰਹਿ ਜਾਂਦੀਆਂ ਹਨ | ਇਸੇ ਤਹਿਤ ਬਿਜਲੀ ਖ਼ਪਤਕਾਰਾਂ ਨੇ ਮੰਗ ਕੀਤੀ ਹੈ ਕਿ ਲੋਕਾਂ ਨੂੰ ਸਰਕਾਰ ਨਿਰਵਿਘਨ ਬਿਜਲੀ ਦੇ ਕੇ ਰਾਹਤ ਦੇਵੇ |